Wednesday 12 October 2011

ਮਜ਼ਲੂਮਾਂ ਦੇ ਬੰਦ ਬੰਦ ਕੱਟਣ ਦੀ ਕਹਾਣੀ ‘ਟਰਟਲਜ਼ ਕੈਨ ਫਲਾਈ’

ਜਤਿੰਦਰ ਮੌਹਰ


ਬੰਦ ਬੰਦ ਕੱਟ ਹੋਣਾ ਪੰਜਾਬੀਆਂ ਦੀ ਮਾਨਸਿਕਤਾ ‘ਚ ਦਰਦ, ਸੂਰਮਗਤੀ ਅਤੇ ਨਾਬਰੀ ਦਾ ਚਿੰਨ੍ਹ ਰਿਹਾ ਹੈ। ਭਾਈ ਮਨੀ ਸਿੰਘ, ਜੱਲਾਦ ਨੂੰ ਬੰਦਾਂ ਦੀ ਨਿਸ਼ਾਨਦੇਹੀ ਕਰਕੇ ਮੌਤ ਕਬੂਲਣ ਦਾ ਜੇਰਾ ਕਰਦਾ ਹੈ। ਉਹ ਸਾਡਾ ਮਾਣਮੱਤਾ ਸ਼ਹੀਦ ਹੈ ਪਰ ਉਨ੍ਹਾਂ ਮਜ਼ਲੂਮਾਂ ਨੂੰ ਕਿਸ ਖ਼ਾਤੇ ਪਾਈਏ ਜਿਨ੍ਹਾਂ ਲਈ ਬੰਦ ਬੰਦ ਕੱਟ ਹੋਣਾ ਨਿੱਜੀ ਚੋਣ ਨਾ ਹੋ ਕੇ ਜੱਲਾਦ ਦਾ ਖ਼ਾਸਾ ਸੀ? ਉਸ ਜੱਲਾਦ ਦਾ ਹੁਨਰ ਮਨੁੱਖ ਨੂੰ ਤਸੀਹੇ ਦੇਣ ‘ਚ ਹੈ। ਸਮਾਜ ਹਰ ਤਰ੍ਹਾਂ ਦੀ ਵਿਰਾਸਤ ਅਗਲੀਆਂ ਨਸਲਾਂ ਦੇ ਸਪੁਰਦ ਕਰਦਾ ਹੈ। ਉਹਦਾ ਵੱਡਾ ਸਰਮਾਇਆ ਬੱਚਿਆਂ ਦੇ ਰੂਪ ਵਿਚ ਦਾਅ ‘ਤੇ ਲੱਗਿਆ ਹੁੰਦਾ ਹੈ। ਸਰਮਾਏ ਦੇ ਰੂਪ ਮਨੁੱਖੀ ਸੰਵੇਦਨਾ, ਕੁਦਰਤੀ ਸੋਮਿਆਂ ਤੋਂ ਲੈ ਕੇ ਗਿਆਨ-ਪਸਾਰੇ ਤੱਕ ਵੱਖ ਵੱਖ ਹੋ ਸਕਦੇ ਹਨ। ਮਜ਼ਲੂਮਾਂ ਦੇ ਸਮੁੱਚੇ ਸਰਮਾਏ ‘ਤੇ ਬੋਲੇ ਗਏ ਹੱਲੇ ਵਿਚ ਸਭ ਤੋਂ ਪੀੜਤ ਧਿਰ ਬੱਚੇ ਹਨ ਜਿਨ੍ਹਾਂ ਨੂੰ ਅੱਗੇ ਅਪਾਹਜ ਅਤੇ ਬੀਬੀਆਂ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਜੱਲਾਦ ਦੇ ਖ਼ਿਲਾਫ਼ ਲ਼ੜਦੇ ਸੂਰਿਆਂ ਤੋਂ ਨੈਤਿਕਤਾ ਦੀ ਆਸ ਕੀਤੀ ਜਾ ਸਕਦੀ ਹੈ ਪਰ ਬੰਦ ਬੰਦ ਕੱਟੇ ਗਏ ਮਾਸੂਮਾਂ ਦੇ ਅੰਦਰ ਉਪਜੀ ਹਿੰਸਾ ਅਤੇ ਰੋਹ ਨੂੰ ਕਿਵੇਂ ਡੱਕਿਆ ਜਾ ਸਕੇਗਾ ਜੋ ਸੰਵੇਦਨਾ ਖ਼ਤਮ ਕਰਕੇ ਉਨ੍ਹਾਂ ਦਾ ਆਪਾ ਤਬਾਹ ਕਰ ਰਹੀ ਹੈ?


ਕੁਰਦ-ਇਰਾਨੀ ਫ਼ਿਲਮਸਾਜ਼ ਬਹਿਮਾਨ ਗੁਬਾਦੀ (ਜਨਮ ਪਹਿਲੀ ਫਰਵਰੀ, 1969) ਵੱਲੋਂ ਬਣਾਈ ਫ਼ਿਲਮ ‘ਟਰਟਲਜ਼ ਕੈਨ ਫਲਾਈ’ ਜੰਗਬਾਜ਼ਾਂ ਦੇ ਜਾਬਰ ਹੱਲਿਆਂ ਦਾ ਸ਼ਿਕਾਰ ਹੋਏ ਇਰਾਕੀ ਬੱਚਿਆਂ ਦੀ ਦਿਲ ਹਿਲਾ ਦੇਣ ਵਾਲੀ ਪੇਸ਼ਕਾਰੀ ਹੈ। ਜੰਗਬਾਜ਼ਾਂ ਨੇ ਇਰਾਕ ਦੇ ਮਾਸੂਮਾਂ ਦੀ ਮਾਸੂਮੀਅਤ ਹੀ ਨਹੀਂ ਖੋਹੀ ਸਗੋਂ ਉਹ ਉਨ੍ਹਾਂ ਦੇ ਬੰਦ ਬੰਦ ਵੀ ਕੱਟ ਕੇ ਲੈ ਗਏ ਹਨ। ਫ਼ਿਲਮ ਇਰਾਕ-ਇਰਾਨ-ਤੁਰਕੀ ਸਰਹੱਦ ‘ਤੇ ਵਸੇ ਕੁਰਦ ਲੋਕਾਂ ਬਾਰੇ ਹੈ ਜੋ ਪਹਿਲੀ ਖਾੜੀ ਜੰਗ ਤੋਂ ਬਾਅਦ ਸ਼ਰਨਾਰਥੀਆਂ ਦੇ ਰੂਪ ਵਿਚ ਜ਼ਿੰਦਗੀ ਬਸਰ ਕਰ ਰਹੇ ਹਨ। ਸੱਦਾਮ ਦੀ ਕੁਰਦਾਂ ਨਾਲ ਕੁੜੱਤਣ ਜੱਗ-ਜ਼ਾਹਰ ਹੈ। ਸਰਹੱਦ-ਲਕੀਰ ਦੇ ਨੇੜੇ ਆਏ ਲੋਕਾਂ ਨੂੰ ਫ਼ੌਜੀ ਫੜਨ ਜਾਂ ਪੁੱਛਗਿੱਛ ਕਰਨ ਦੀ ਜ਼ਹਿਮਤ ਨਹੀਂ ਉਠਾਉਂਦੇ। ਗੋਲੀ ਮਾਰੀ ਤੇ ਕੰਮ ਖਤਮ। ਨਾ ਲਾਸ਼ ਦਾ ਪੰਚਨਾਮਾ ਤੇ ਨਾ ਛਾਣਬੀਣ। ਹੱਦਾਂ-ਸਰਹੱਦਾਂ ‘ਤੇ ਖੜ੍ਹੇ ਫ਼ੌਜੀਆਂ ਨੂੰ ਮਨੁੱਖੀ ਜਾਨ ਦੀ ਕੀਮਤ ਇਹੋ ਸਿਖਾਈ ਜਾਂਦੀ ਹੈ। ਜੇ ਮੀਡੀਆ ਅਤੇ ਸਰਕਾਰ ਨੇ ਗੁਆਂਢੀ ਮੁਲਕ ਨੂੰ ‘ਦੁਸ਼ਮਣ ਮੁਲਕ’ ਦਾ ਦਰਜਾ ਦਿੱਤਾ ਹੋਵੇ ਤਾਂ ਕੰਮ ਹੋਰ ਸੌਖਾ ਹੋ ਜਾਂਦਾ ਹੈ। ਆਲਮ ਦੀਆਂ ਬਹੁਤੀਆਂ ਹੱਦਾਂ ਦੀ ਇਹੀ ਹੋਣੀ ਹੈ।


ਮੁਕਾਮੀ ਕੁਰਦ ਲੋਕ ਜ਼ਿੰਦਗੀ ਜਿਉਣ ਦੇ ਆਹਰ ‘ਚ ਲੱਗੇ ਹੋਏ ਹਨ। ਅਚਾਨਕ ਪੱਛਮੀ ਜੰਗਬਾਜ਼ ਅੱਗ ਦਾ ਮੀਂਹ ਵਰਸਾਉਣ ਆ ਧਮਕਦੇ ਹਨ। ਬਹਾਨਾ ਸੱਦਾਮ ਨੂੰ ਹਟਾਉਣ ਦਾ ਹੈ। ਅੱਗ ਦਾ ਮੀਂਹ ਸਭ ਕੁਝ ਧੂੰਆਂ ਧੂੰਆਂ ਕਰ ਦਿੰਦਾ ਹੈ। ਧੂੰਆਂ ਹਟਣ ਤੋਂ ਬਾਅਦ ਵਸੇਬ ਖੰਡ੍ਹਰ ਦਿਖਦਾ ਹੈ ਜੋ ਪਿੱਛੇ ਅਨਾਥ ਬੱਚਿਆਂ ਦੀ ਬਸਤੀ ਛੱਡ ਜਾਂਦਾ ਹੈ ਜਿਨ੍ਹਾਂ ਦੇ ਮਾਪੇ ਜੰਗ ਵਿਚ ਅਣਿਆਈ ਮੌਤ ਮਾਰੇ ਗਏ। ਮੁੰਤਜ਼ਰ-ਅਲ-ਜ਼ੈਦੀ ਮੁਤਾਬਕ ਇਰਾਕ ਵਿਚ ਪੰਜਾਹ ਲੱਖ ਤੋਂ ਵੱਧ ਅਨਾਥ ਹਨ। ਦਸ ਲੱਖ ਤੋਂ ਵੱਧ ਵਿਧਵਾਵਾਂ ਅਤੇ ਇੰਨੀ ਹੀ ਗਿਣਤੀ ਵਿਚ ਇਰਾਕੀ ਲੋਕ ਮਾਰੇ ਗਏ ਹਨ। ਅਣਗਿਣਤ ਲੋਕਾਂ ਦੇ ਹੱਥ-ਪੈਰ ਜੰਗ ਦੀ ਭੇਟ ਚੜ੍ਹੇ ਹਨ। ਜੰਗ ਦੀ ਵਜ੍ਹਾ ਨਾਲ ਹਰ ਪੰਜ ਮਿੰਟ ਵਿਚ ਇਕ ਇਰਾਕੀ ਜੁਆਕ ਦੀ ਜਾਨ ਜਾਂਦੀ ਹੈ। ਪੰਜ ਬੱਚਿਆਂ ਵਿਚੋਂ ਇਕ ਕੋਲ ਖਾਣ ਲਈ ਕੁਝ ਵੀ ਨਹੀਂ। ਜੰਗ ਦੇ ਮੁਢਲੇ ਸਾਲਾਂ ਵਿਚ ਇਕ ਲੱਖ ਚਾਲੀ ਹਜ਼ਾਰ ਤੋਂ ਵੱਧ ਬੱਚਿਆਂ ਨੇ ਜਾਨ ਗਵਾਈ ਸੀ। ਸੰਨ ਦੋ ਹਜ਼ਾਰ ਚਾਰ ਤੱਕ ਸੱਤਰ ਹਜ਼ਾਰ ਬੱਚੇ ਤੰਬੂਆਂ ਤੇ ਆਰਜ਼ੀ ਡੇਰਿਆਂ ‘ਚ ਰਹਿਣ ਲਈ ਮਜਬੂਰ ਸਨ। ਪੰਜਾਹ ਫ਼ੀਸਦੀ ਜੁਆਕ ਸਕੂਲ ਨਹੀਂ ਜਾ ਸਕਦੇ। ਜੰਗ ਤੋਂ ਬਾਅਦ ਇਰਾਕ ਦੀ ਕੁੱਲ ਆਬਾਦੀ ਦਾ ਪੰਜਾਹ ਫ਼ੀਸਦੀ ਹਿੱਸਾ ਜੁਆਕ ਬਣ ਗਏ ਹਨ। ਇਹ ਅੰਕੜੇ ਇਰਾਕੀ-ਜੰਗ ਦੀ ਭਿਆਨਕਤਾ ਦਾ ਛੋਟਾ ਜਿਹਾ ਰੂਪ ਹਨ।


ਫ਼ਿਲਮ ਦਾ ਮੁੱਖ ਕਿਰਦਾਰ ‘ਸੈਟੇਲਾਈਟ’ ਤੇਰ੍ਹਾਂ ਸਾਲਾਂ ਦਾ ਮੁੰਡਾ ਹੈ ਜੋ ਜੰਗ ਤੋਂ ਪਹਿਲਾਂ ਡਿਸ਼ ਐਨਟੀਨੇ ਲਾਉਣ ਦਾ ਕੰਮ ਕਰਦਾ ਸੀ। ਉਹ ਆਲੇ-ਦੁਆਲੇ ਦੇ ਬੱਚਿਆਂ ਦਾ ਆਪੂੰ ਬਣਿਆਂ ਆਗੂ ਹੈ। ਬੱਚੇ ਉਹਦਾ ਰੋਅਬ ਮੰਨਦੇ ਹਨ। ਉਹਦੇ ਕਹਿਣ ਮੁਤਾਬਕ ਡਿਸ਼ ਐਨਟੀਨੇ ਰਾਹੀਂ ਹੀ ਸੱਦਾਮ ਦੀ ਬਰਬਾਦੀ ਦੇਖੀ ਜਾ ਸਕੇਗੀ ਕਿਉਂਕਿ ਸਰਕਾਰੀ ਚੈਨਲ ਸੱਦਾਮ ਦੇ ਕਬਜ਼ੇ ਹੇਠ ਹਨ। ਜੰਗ ਸ਼ੁਰੂ ਹੋਣ ‘ਤੇ, ਉਹ ਬਾਕੀ ਬੱਚਿਆਂ ਨੂੰ ਨਾਲ ਲੈ ਕੇ ਇਰਾਕੀ ਫ਼ੌਜੀਆਂ ਦੀਆਂ ਦੱਬੀਆਂ ਬਾਰੂਦੀ ਸੁਰੰਗਾਂ ਕੱਢ ਕੇ ਅਮਰੀਕੀਆਂ ਨੂੰ ਵੇਚਣ ਦਾ ਕੰਮ ਸ਼ੁਰੂ ਕਰਦਾ ਹੈ। ਇਨ੍ਹਾਂ ਸੁਰੰਗਾਂ ਦੀ ਵਜ੍ਹਾ ਨਾਲ ਅਣਗਿਣਤ ਲੋਕਾਂ ਨੇ ਆਪਣੀਆਂ ਜਾਨਾਂ ਅਤੇ ਅੰਗ ਗਵਾਏ ਹਨ। ਅਚਾਨਕ ਹੈਂਗੋਵ ਨਾਂ ਦਾ ਮੁੰਡਾ ਉਹਦਾ ਮੁਕਾਬਲੇਬਾਜ਼ ਬਣ ਜਾਂਦਾ ਹੈ। ਬੰਦ ਕਟਾਉਣ ਵਾਲਿਆਂ ਦੀ ਫ਼ਹਿਰਿਸਤ ਵਿਚ ਹੈਂਗੋਵ ਦਾ ਵੀ ਨਾਮ ਹੈ। ਪਾਣੀ ਵਿਚ ਤੈਰਦੇ ਸਮੇਂ ਹੈਂਗੋਵ ਦੀਆਂ ਕੱਟੀਆਂ ਬਾਹਾਂ ਕੱਛੂਕੁੰਮੇ ਦੇ ਅੰਗਾਂ ਜਿਹੀਆਂ ਲੱਗਦੀਆਂ ਹਨ। ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਭਵਿੱਖ ਦੇਖ ਸਕਦਾ ਹੈ। ਉਹਦੇ ਨਾਲ ਆਗਰਿਨ ਨਾਂ ਦੀ ਕੁੜੀ ਅਤੇ ਕੁੜੀ ਦੀ ਪਿੱਠ ‘ਤੇ ਚਾਰ ਸਾਲਾਂ ਦਾ ਅੰਨ੍ਹਾ ਬੱਚਾ ਹੈ। ਸੈਟੇਲਾਈਟ ਕੁੜੀ ਨੂੰ ਪਸੰਦ ਕਰਨ ਲੱਗਦਾ ਹੈ। ਬਾਕੀ ਫ਼ਿਲਮ ਸੈਟੇਲਾਈਟ ਦੁਆਰਾ ਹੈਂਗੋਵ, ਆਗਰਿਨ ਅਤੇ ਅੰਨ੍ਹੇ ਬੱਚੇ ਦਾ ਭੇਤ ਜਾਨਣ ਦੀ ਕਹਾਣੀ ਹੈ। ਫ਼ਿਲਮ ਦੇ ਅੰਤ ਵਿਚ ਖੁੱਲ੍ਹਦਾ ਭੇਤ ਸੰਗਤ ਨੂੰ ਧੁਰ ਅੰਦਰ ਤੱਕ ਹਿਲਾ ਦਿੰਦਾ ਹੈ। ਬਾਰਾਂ ਸਾਲ ਦੀ ਉਮਰ ਵਿਚ ਆਗਰਿਨ ਦਾ ਫ਼ੌਜੀਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ। ਅੰਨ੍ਹਾ ਜੁਆਕ ਉਹਦੇ ਢਿੱਡੋਂ ਜੰਮਿਆਂ ਹੈ। ਛੋਟੀ ਉਮਰ ਵਿਚ ਮਾਂ ਬਣਨ ਕਰ ਕੇ ਉਹ ਅੰਨ੍ਹਾ ਪੈਦਾ ਹੋਇਆ। ਲੋਕਾਂ ਦੇ ਸਵਾਲਾਂ ਅਤੇ ਭਵਿੱਖ ਤੋਂ ਫ਼ਿਕਰਮੰਦ ਕੁੜੀ, ਜੁਆਕ ਤੋਂ ਖਹਿੜਾ ਛੁਡਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਹੈਂਗੋਵ ਆਪਣੀ ਭੈਣ ਅਤੇ ਜੁਆਕ ਨੂੰ ਬਹੁਤ ਪਿਆਰ ਕਰਦਾ ਹੈ। ਉਹ ਬੱਚੇ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਹੁੰਦਾ। ਅੰਤ ਵਿਚ ਆਗਰਿਨ ਆਪਣੇ ਜੁਆਕ ਨੂੰ ਮਾਰ ਕੇ ਖ਼ੁਦਕੁਸ਼ੀ ਕਰ ਲੈਂਦੀ ਹੈ। ਇਹ ਉਸ ਮਨੁੱਖੀ ਸਰਮਾਏ ਦੀ ਤਬਾਹੀ ਦਾ ਰੂਪ ਹੈ ਜੀਹਦੀ ਗੱਲ ਅਸੀਂ ਉੱਪਰ ਕੀਤੀ ਸੀ।


ਕੁਰਦ ਬੇਸ਼ੱਕ ਸੱਦਾਮ ਤੋਂ ਔਖੇ ਸਨ ਪਰ ਫ਼ਿਲਮ ਦੇ ਅੰਤ ਵਿਚ ਪਿੰਡ ‘ਚ ਉਤਰਿਆ ਅਮਰੀਕੀ ਜਹਾਜ਼ ਦੇਖ ਕੇ ਸੈਟੇਲਾਈਟ ਦਾ ਬੋਲਿਆ ਸੰਵਾਦ ਤਸਵੀਰ ਸਾਫ਼ ਕਰ ਦਿੰਦਾ ਹੈ, “ਇਹ ਝੂਠੇ ਨੇ … ਸਭ ਆਪਣੇ ਫ਼ਾਇਦੇ ਲਈ ਆਉਂਦੇ ਨੇ …।” ਤਦ ਤੱਕ ਮੁੰਡਾ ਟੀ.ਵੀ. ਉੱਤੇ ਅਮਰੀਕੀਆਂ ਦੇ ‘ਕਾਰਨਾਮੇ’ ਦੇਖ ਚੁੱਕਿਆ ਸੀ। ਪਾਸ਼ ਆਪਣੀ ਕਵਿਤਾ ‘ਜੰਗ: ਕੁਝ ਪ੍ਰਭਾਵ’ ਵਿਚ, ਜੰਗਬਾਜ਼ਾਂ ਦੀ ਪ੍ਰਵਾਹ ਕੀਤੇ ਬਿਨਾ ਗੀਟੇ ਖੇਡਦੇ ਅਤੇ ਘਰ ਬਣਾਉਂਦੇ ਬੱਚਿਆਂ ਨੂੰ ਅਪਣੇ ਕੰਮ ਵਿਚ ਲੱਗੇ ਰਹਿਣ ਦੀ ਸਲਾਹ ਦਿੰਦਾ ਹੈ। ਪਾਸ਼ ਦੇ ਸ਼ਬਦ ਤਿੰਨ-ਚਾਰ ਦਹਾਕੇ ਪੁਰਾਣੇ ਹਨ। ਇਨ੍ਹਾਂ ਦਹਾਕਿਆਂ ਵਿਚ ਜੰਗਬਾਜ਼ਾਂ ਨੇ ਤਬਾਹੀ ਦੇ ਬੜੇ ਨਵੇਂ ਗੁਰ ਸਿੱਖੇ ਹਨ। ਉਹ ਤਾਂ ਸਾਡੇ ਜੁਆਕਾਂ ਦੇ ਗੀਟੇ ਅਤੇ ਘਰਾਂ ਦੀ ਮਿੱਟੀ ਵੀ ਖੋਹ ਕੇ ਲੈ ਗਏ ਹਨ।


ਫ਼ਿਲਮ ਸਾਡੇ ਆਲਮ ਦੀ ਗ਼ੈਰ-ਮਹਿਫ਼ੂਜ਼ੀਅਤ ਦਾ ਅਹਿਸਾਸ ਕਰਾਉਂਦੀ ਹੈ। ਇਰਾਨ ‘ਤੇ ਕਦੇ ਵੀ ਹਮਲਾ ਹੋ ਸਕਦਾ ਹੈ। ਸਾਡੇ ਗੁਆਂਢੀ ਮੁਲਕ ਉਤੇ ਡਰੋਨ ਹਮਲੇ ਕੀਤੇ ਜਾ ਰਹੇ ਹਨ। ਜੰਗਬਾਜ਼ਾਂ ਲਈ ਇਹ ਵੀਡੀਉ ਗੇਮ ਦੀ ਖੇਡ ਜਿਹਾ ਹੈ। ਰਿਮੋਟ ਦਾ ਬਟਨ ਦੱਬਿਆ ਅਤੇ ਪਲ ਝਪਕਦੇ ਕਈ ਜਿਉਂਦੇ ਜੀਅ ਖ਼ਤਮ। ਐਬਟਾਬਾਦ ਵਿਚ ਉਸਾਮਾ ਬਿਨ-ਲਾਦਿਨ ਨੂੰ ਮਾਰਨ ਦੀ ਖੇਡ ਦਾ ਅਨੰਦ ਲੈਂਦੇ ਬਰਾਕ ਓਬਾਮਾ ਤੇ ਹੋਰ ਖਿਡਾਰੀ ਪੂਰੇ ਆਲਮ ਨੇ ਦੇਖੇ ਸਨ। ਲਿਬੀਆ, ਜੰਗ ਦੀਆਂ ਲਪਟਾਂ ‘ਚ ਝੁਲਸ ਰਿਹਾ ਹੈ। ਅਰਬ ਮੁਲਕਾਂ ‘ਚ ਅਮਰੀਕਾ-ਪਿੱਠੂ ਤਾਨਾਸ਼ਾਹ ਆਵਾਮ ‘ਤੇ ਸ਼ਰ੍ਹੇਆਮ ਗੋਲੀਆਂ ਦਾਗ਼ ਰਹੇ ਹਨ। ਦੂਜੇ ਮੁਲਕਾਂ ਦੀ ਆਜ਼ਾਦ ਹਸਤੀ ਨੂੰ ਟਿੱਚ ਸਮਝਿਆ ਜਾ ਰਿਹਾ ਹੈ। ਆਲਮੀ ਵਪਾਰ ਸੰਸਥਾ ਅਤੇ ਨਿਜੀਕਰਨ ਦੀਆਂ ਨੀਤੀਆਂ ਰਾਹੀਂ ਜੰਗਬਾਜ਼ ਤੀਜੀ ਦੁਨੀਆਂ ਨੂੰ ਲੁੱਟਣ ਤੁਰੇ ਹੋਏ ਹਨ। ਅਮਰੀਕਾ ਨੇ ਹਿੰਦੁਸਤਾਨ ਅਤੇ ਚੀਨ ਵਲੋਂ ਮੁਲਕਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਬੰਦ ਕਰਾਉਣ ਲਈ ਆਲਮੀ ਵਪਾਰ ਸੰਸਥਾ ਕੋਲ ਸ਼ਿਕਾਇਤ ਕੀਤੀ ਹੈ। ਓਬਾਮਾ ਸਰਕਾਰ ਦੇ ਵਪਾਰਕ ਨੁਮਾਇੰਦੇ ਰੌਨ ਕਿਰਕ ਮੁਤਾਬਕ “ਪਾਣੀ ਹੁਣ ਸਿਰ ਤੋਂ ਲੰਘ ਚੁੱਕਾ ਹੈ। ਭਾਰਤ ਅਤੇ ਚੀਨ ਇਕਰਾਰਨਾਮੇ ਦੀਆਂ ਸ਼ਰਤਾਂ ਪੂਰੀਆਂ ਕਰਨ ‘ਚ ਨਾਕਾਮਯਾਬ ਰਹੇ ਹਨ। ਆਲਮੀ ਵਪਾਰ ਸੰਸਥਾ ਦੇ ਨੇਮਾਂ ਤਹਿਤ, ਇਨ੍ਹਾਂ ਦੋਵਾਂ ਮੁਲਕਾਂ ‘ਤੇ ਕਾਰਵਾਈ ਕਰਨ ਅਤੇ ਇਨ੍ਹਾਂ ਨੂੰ ਆਰਥਿਕ ਯੋਜਨਾਵਾਂ ਦੇ ਮੁੱਦੇ ‘ਤੇ ਵਿਕਸਿਤ ਕੀਤੀਆਂ ਅਣਮੁੱਲੀਆਂ ਸੂਚਨਾਵਾਂ ਮੁਹੱਈਆ ਕਰਾਉਣ ਦਾ ਹੱਕ ਸਾਡੇ ਕੋਲ ਹੈ।” ਸਾਡੀ ਸਰਕਾਰ ਕੌਮੀ ਵਸੀਲੇ ਲੁਟਾਉਣ ਦਾ ਬਾਨਣੂੰ ਵੀਹ ਸਾਲ ਪਹਿਲਾਂ ਬੰਨ੍ਹ ਚੁੱਕੀ ਹੈ। ਬਸਤਾਨਾਂ ਨੂੰ ਲੁੱਟ ਵਿਚ ਹੁੰਦੀ ਥੋੜ੍ਹੀ ਜਿਹੀ ਦੇਰੀ ਵੀ ਮਨਜ਼ੂਰ ਨਹੀਂ। ਪਾਸ਼ ਦੇ ਸ਼ਬਦਾਂ ਵਿਚ ਕਿ ਉਹ ਕੌਣ ਹੈ ਜੋ ਕਵਿਤਾ ਤੋਂ ਲੈ ਕੇ ਕਣਕ ਅਤੇ ਦੁੱਧ ਨੂੰ ਵੀ ਸਾਡੇ ਖ਼ਿਲਾਫ਼ ਭੁਗਤਾਉਂਦਾ ਹੈ, ਵਿਚਾਰਨਯੋਗ ਨੁਕਤਾ ਹੈ ਕਿ ਜੰਗਬਾਜ਼ਾਂ ਦੁਆਰਾ ਇਰਾਕ-ਜੰਗ ਉਤੇ ਖਰਚੇ ਪੈਸੇ ਨਾਲ ਕਈ ਸਾਲਾਂ ਦਾ ਤੇਲ ਖਰੀਦਿਆ ਜਾ ਸਕਦਾ ਸੀ। ਮਸਲਾ ਮਹਿਜ਼ ਤੇਲ ਜਾਂ ਕੁਦਰਤੀ ਸਾਧਨਾਂ ਦੀ ਲੁੱਟ ਦਾ ਨਹੀਂ ਹੈ। ਮਸਲਾ ਲੋਕਾਂ ਜਾਂ ਜੋਕਾਂ ‘ਚੋਂ ਇਕ ਸੋਚ ਦੀ ਸਰਦਾਰੀ ਦਾ ਹੈ। ਜੋਕਾਂ ਹਰ ਹੀਲੇ ਆਪਣੀ ਸੋਚ ਦੀ ਸਰਦਾਰੀ ਕਾਇਮ ਰੱਖਣ ਲਈ ਫਿਕਰਮੰਦ ਹਨ ਜੀਹਦੀ ਪੂਰਤੀ ਲਈ ਉਹ ਸਾਮ, ਦਾਮ, ਭੇਤ ਅਤੇ ਦੰਡ, ਕੁਝ ਵੀ ਵਰਤ ਸਕਦੇ ਹਨ। ਆਲਮੀਕਰਨ ਅਤੇ ਨਿਜੀਕਰਨ ਦੀਆਂ ਨੀਤੀਆਂ ਅਜਿਹੀ ਸੋਚ ਦੀ ਉਮਰ ਲੰਬੀ ਕਰਨ ਦਾ ਮਾਰੂ ਪੈਂਤੜਾ ਹਨ। ਜਦੋਂ ਤੱਕ ‘ਇਮਾਨਦਾਰ ਪ੍ਰਧਾਨ ਮੰਤਰੀ‘ ਜੋਕਾਂ ਦੀ ਸੇਵਾ ਲਈ ਸਾਡੇ ਮੁਲਕ ਦੀ ਅਗਵਾਈ ਕਰਦਾ ਰਹੇਗਾ, ਜੰਗਬਾਜ਼ਾਂ ਦੀ ਸਰਦਾਰੀ ਕਾਇਮ ਰਹੇਗੀ। ਉਹ ਇਰਾਕ ਜਿਹੇ ਖ਼ੂਨੀ ਸਾਕੇ ਵਰਤਾਉਂਦੇ ਰਹਿਣਗੇ। ਅਬੂ ਗਰੀਬ ਦੀਆਂ ਚੰਦਰੀਆਂ ਤਸਵੀਰਾਂ, ਗਲ ਤੱਕ ਡੁੱਬ ਕੇ ਜ਼ਿੰਦਗੀ ਜਿਉਣ ਦੀ ਰੀਝ ਨੂੰ ਕਾਂਬਾ ਛੇੜਦੀਆਂ ਰਹਿਣਗੀਆਂ। ਅਮਰੀਕੀ ਚਿੰਤਕ ਨੌਮ ਚੌਮਸਕੀ ਨੇ ‘ਨੌ ਗਿਆਰਾਂ’ ਦੇ ਹਾਦਸੇ ਬਾਰੇ ਕਿਹਾ ਸੀ ਕਿ ਇਹ ਬੁਰਾ ਹੈ ਪਰ ਉਨਾ ਬੁਰਾ ਨਹੀਂ ਜਿਨ੍ਹਾਂ ਅਮਰੀਕਾ ਨੇ ਸੂਡਾਨ ਵਿਚ ਕੀਤਾ। ਸੂਡਾਨ ਵਿਚ ਮਲੇਰੀਆ ਹਰ ਸਾਲ ਕਹਿਰ ਵਰਤਾਉਂਦਾ ਹੈ। ਲੋਕ ਇੰਨੇ ਗ਼ਰੀਬ ਹਨ ਕਿ ਮਲੇਰੀਏ ਦੀ ਦਵਾਈ ਨਹੀਂ ਖਰੀਦ ਸਕਦੇ। ਸੂਡਾਨ ਦੀ ਸਰਕਾਰ ਕੋਲ ਮਲੇਰੀਏ ਦੀ ਦਵਾਈ ਬਣਾਉਣ ਵਾਲੀ ਫੈਕਟਰੀ, ਲੋਕਾਂ ਨੂੰ ਮੁਫ਼ਤ ਜਾਂ ਬਹੁਤ ਘੱਟ ਭਾਅ ‘ਤੇ ਦਵਾਈਆਂ ਮੁਹੱਈਆ ਕਰਾਉਣ ਦਾ ਸਾਧਨ ਸੀ। ਅਮਰੀਕਾ ਨੇ ਸੂਡਾਨ ‘ਤੇ ਹਮਲਾ ਕਰਨ ਤੋਂ ਬਾਅਦ, ਪਹਿਲਾ ਕੰਮ ਉਸ ਫੈਕਟਰੀ ਉੱਤੇ ਬੰਬ ਸੁੱਟਣ ਦਾ ਕੀਤਾ।


ਇਹ ਫ਼ਿਲਮ ਸਾਡੇ ਮੁਲਕ ਦੇ ਫ਼ਿਲਮਸਾਜ਼ਾਂ ਦੀ ਸੰਵੇਦਨਸ਼ੀਲਤਾ ਬਾਬਤ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਬੰਦ ਬੰਦ ਕੱਟੇ ਗਏ ਇਰਾਕੀ ਬੱਚਿਆਂ, ਮਲੇਰੀਏ ਨਾਲ ਮਰਦੇ ਸੂਡਾਨੀ ਲੋਕਾਂ, ਵੀਹ ਰੁਪਏ ਤੋਂ ਹੇਠਾਂ ਗੁਜ਼ਾਰਾ ਕਰਦੇ ਸਾਡੇ ਮੁਲਕ ਦੇ ਸਤੱਤਰ ਫ਼ੀਸਦੀ ਲੋਕਾਂ ਅਤੇ ਪਾਕਿਸਤਾਨ-ਅਫ਼ਗਾਨਿਸਤਾਨ ਵਿਚ ਖੇਡੀ ਜਾ ਰਹੀ ਡਰੋਨ ਹਮਲਿਆਂ ਦੀ ਖ਼ੂਨੀ ‘ਵੀਡੀਉ ਗੇਮ’ ਦੀ ਆਪਸੀ ਤੰਦ ਸਮਝ ਕੇ ਹੀ ਸਾਂਝੇ ਦਰਦ ਅਤੇ ਦੁਸ਼ਮਣ ਦੀ ਨਿਸ਼ਾਨਦੇਹੀ ਹੋ ਸਕਦੀ ਹੈ। ਇਸ ਸਾਂਝੀ ਤੰਦ ਨੂੰ ‘ਟਰਟਲਜ਼ ਕੈਨ ਫਲਾਈ’ ਉਘਾੜ ਕੇ ਪੇਸ਼ ਕਰਦੀ ਹੈ। ਜਿਸ ਹਾਲ ‘ਚ ਮਨੁੱਖਤਾ ਜਿਉਂ ਰਹੀ ਹੈ, ਸਾਡਾ ਮੁਲਕ ਉਸ ਤੋਂ ਅਛੂਤਾ ਨਹੀਂ ਹੈ ਅਤੇ ਉਹਦੇ ਬਾਰੇ ਜਾਨਣ ਤੋਂ ਬਾਅਦ ਕੋਈ ਸਹਿਜ ਨਹੀਂ ਹੋ ਸਕਦਾ ਹੈ। ਸਾਡੇ ਫ਼ਿਲਮਸਾਜ਼ ਲੋਕਾਂ ਦੀ ਤ੍ਰਾਸਦੀ ਤੋਂ ਅੱਖਾਂ ਮੁੰਦ ਕੇ ਬੇਹੂਦਾ ਫ਼ਿਲਮਾਂ ਬਣਾਉਣ ਨੂੰ ਸੱਭਿਆਚਾਰ ਅਤੇ ਮਾਂ-ਬੋਲੀ ਦੀ ਸੇਵਾ ਸਮਝੀ ਬੈਠੈ ਹਨ। ‘ਟਰਟਲਜ਼ ਕੈਨ ਫਲਾਈ’ ਦੇ ਫ਼ਿਲਮਸਾਜ਼ ਨੇ ਮੁਲਕ ਦੀ ਆਵਾਮ ਦੇ ਦਰਦ ਨੂੰ ਆਲਮ ਸਾਹਮਣੇ ਲਿਆਂਦਾ ਹੈ ਜੋ ਸਾਡੇ ਮੁਲਕ ਦੀ ਚੇਤਨਾ ਦੇ ਨੁਮਾਇੰਦਿਆਂ ਅਤੇ ਦਰਦਮੰਦਾਂ ਦੇ ਦਰਦੀਆਂ ਲਈ ਵੱਡਾ ਸਵਾਲ ਖੜ੍ਹਾ ਕਰਦੀ ਹੈ। ਜੇ ਅੱਜ ਮਨੁੱਖੀ ਦਰਦ ਦੀ ਸਾਂਝੀ ਤੰਦ ਨੂੰ ਨਾ ਸਮਝਿਆ ਗਿਆ ਤਾਂ ਬੰਦ ਬੰਦ ਕਟਵਾਉਣ ਦੀ ਵਾਰੀ ਕਿਸੇ ਦੀ ਵੀ ਆ ਸਕਦੀ ਹੈ।


ਮਸ਼ਹੂਰ ਖੱਬੇ ਪੱਖੀ ਚਿੰਤਕ ਤਾਰਿਕ ਅਲੀ ਦਾ 95 ਮਿੰਟ ਦੀ ਇਸ ਫ਼ਿਲਮ ਬਾਰੇ ਮੰਨਣਾ ਹੈ ਕਿ ਫ਼ਿਲਮ ਚੰਗੀ ਹੋਣ ਦੇ ਬਾਵਜੂਦ ਅਮਰੀਕਾ ਪੱਖੀ ਹੈ ਕਿਉਂਕਿ ਅਮਰੀਕੀ ਜਹਾਜ਼ ਪਿੰਡ ਵਿਚ ਉਤਰਨ ਤੋਂ ਬਾਅਦ ਸੈਟੇਲਾਈਟ ਦੀ ਹੋਣੀ ਬਿਆਨ ਨਹੀਂ ਕੀਤੀ ਗਈ। ਅਮਰੀਕੀ ਹਮਲਿਆਂ ਨੂੰ ਟੀ.ਵੀ. ਖ਼ਬਰਾਂ ਰਾਹੀਂ ਦਿਖਾਇਆ ਗਿਆ ਹੈ। ਤਾਰਿਕ ਅਲੀ ਦਾ ਤਰਕ ਕੁਝ ਹੱਦ ਤੱਕ ਠੀਕ ਹੈ ਪਰ ਤਾਨਾਸ਼ਾਹ ਅਤੇ ਬਸਤਾਨ ਆਵਾਮ ਬਾਬਤ ਕਦੇ ਸੁਹਿਰਦ ਨਹੀਂ ਰਹੇ। ਜਿਸ ਤਰ੍ਹਾਂ ਦੀ ਜੰਗ ਉਹ ਲੋਕਾਂ ‘ਤੇ ਥੋਪਦੇ ਹਨ, ਫ਼ਰਕ ਸਿਰਫ਼ ਇੰਨਾ ਹੁੰਦਾ ਹੈ ਕਿ ਤਾਨਾਸ਼ਾਹ ਮੁਕਾਮੀ ਬੋਲੀ ਬੋਲਣ ਵਾਲਾ ਹੋ ਸਕਦਾ ਹੈ ਤੇ ਬਸਤਾਨ ਗ਼ੈਰ-ਬੋਲੀ ਵਾਲਾ। ਸਵਾਲ ਬਸਤਾਨਾਂ ਦੀ ਵਿਦੇਸ਼ ਨੀਤੀ ਦਾ ਹੈ। ਉਹ ਤਾਨਾਸ਼ਾਹਾਂ ਦੀ ਲਗਾਤਾਰ ਸਰਪ੍ਰਸਤੀ ਕਰਦੇ ਰਹੇ ਹਨ ਅਤੇ ਮੌਕਾ ਪੈਣ ‘ਤੇ ਉਨ੍ਹਾਂ ਖ਼ਿਲਾਫ਼ ਜੰਗ ਵੀ ਛੇੜ ਸਕਦੇ ਹਨ। ਬਾਕੀ ਫ਼ਿਲ਼ਮ ਨੂੰ ਦੇਖਣ ਦੀ ਪੜ੍ਹਤ ਆਪੋ-ਆਪਣੀ ਹੋ ਸਕਦੀ ਹੈ। ਫ਼ਿਲਮ ਸਮੁੱਚੇ ਰੂਪ ਵਿਚ ਜੰਗ ਦੇ ਆਵਾਮ ਉੱਤੇ, ਖ਼ਾਸ ਕਰਕੇ ਜੁਆਕਾਂ ਅਤੇ ਬੀਬੀਆਂ ਉੱਤੇ ਪੈਂਦੇ ਮਾਰੂ ਅਸਰ ਨੂੰ ਦਿਖਾਉਣ ਵਿਚ ਕਾਮਯਾਬ ਹੈ।

No comments:

Post a Comment