Saturday 24 August 2013

ਮੁਕਾਮੀ ਤ੍ਰਾਸਦੀਆਂ ਅਤੇ ਲਾਤੀਨੀ ਸਿਨੇਮਾ

ਜਤਿੰਦਰ ਮੌਹਰ


ਸਿਨੇਮਾ ਮਨੁੱਖੀ ਸੰਵੇਦਨਾ ਦੀ ਪਰਦਾਪੇਸ਼ੀ ਦਾ ਮਾਧਿਅਮ ਹੈ ਜੋ ਮਨੁੱਖੀ ਪਿੰਡੇ ਅਤੇ ਰੂਹਾਂ 'ਤੇ ਹੰਢਾਈਆਂ ਤ੍ਰਾਸਦੀਆਂ ਨਾਲ ਸੰਵਾਦ ਰਚਾਉਂਦਾ ਹੈ। ਜ਼ਿੰਮੇਵਾਰੀ ਨਾਲ ਕੀਤੇ ਸੰਵਾਦ 'ਚੋਂ ਲੋਕਾਈ ਦੇ ਰੌਸ਼ਨ ਭਵਿੱਖ ਦੀ ਪੈੜ ਮਿਲ ਸਕਦੀ ਹੈ। ਬੇਸ਼ੱਕ ਚਾਲੂ ਅਤੇ ਗ਼ੈਰ-ਜ਼ਿੰਮੇਵਾਰ ਫ਼ਿਲਮਾਂ ਬਣਾਉਣ ਦਾ ਰੁਝਾਨ ਭਾਰੂ ਹੈ ਪਰ ਸੁਹਿਰਦ ਅਤੇ ਜ਼ਿੰਮੇਵਾਰ ਸਿਨੇਮਾ ਦੀ ਲੰਬੀ ਰਵਾਇਤ ਵੀ ਜਾਰੀ ਹੈ। ਇਹ ਕੰਨੀਆਂ ਤੱਕ ਮਹਿਦੂਦ ਹੋ ਸਕਦੀ ਹੈ ਪਰ ਅਹਿਮੀਅਤ ਪੱਖੋਂ ਘੱਟ ਨਹੀਂ ਹੈ। ਇਨ੍ਹਾਂ ਫ਼ਿਲਮਸਾਜ਼ਾਂ ਨੇ ਵਿੱਤੀ, ਸਮਾਜਕ ਅਤੇ ਸਿਆਸੀ ਪਾਬੰਦੀਆਂ ਦੇ ਖ਼ਿਲਾਫ਼ ਲੰਬੀ ਲੜਾਈ ਲੜੀ ਹੈ ਜੋ ਮੌਜੂਦਾ ਦੌਰ ਵਿੱਚ ਵੀ ਜਾਰੀ ਹੈ। 

ਵੱਖਰੇ-ਵੱਖਰੇ ਮੁਲਕਾਂ ਦੇ ਫ਼ਿਲਮਸਾਜ਼ਾਂ ਨੇ ਮੁਕਾਮੀ ਸੰਵੇਦਨਾਵਾਂ ਅਤੇ ਤ੍ਰਾਸਦੀਆਂ ਨੂੰ ਵਿਸ਼ਾ ਬਣਾਕੇ ਫ਼ਿਲਮਾਂ ਬਣਾਈਆਂ ਹਨ। ਫ਼ਿਲਮਸਾਜ਼ ਜ਼ਿੰਮੇਵਾਰੀ ਅਤੇ ਦਰਦਮੰਦੀ ਦੇ ਅਹਿਸਾਸ 'ਚੋਂ ਆਪਣੇ ਨੇੜੇ ਦੇ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਂਦਾ ਹੈ। ਮੁਕਾਮੀ ਤ੍ਰਾਸਦੀ ਨੂੰ ਆਲਮੀ ਹਾਲਾਤ ਦੀ ਕੜੀ ਵਜੋਂ ਪੇਸ਼ ਕਰਨਾ ਫ਼ਿਲਮਸਾਜ਼ ਦਾ ਹਾਸਲ ਹੁੰਦਾ ਹੈ। ਗ਼ੈਰ-ਬੋਲੀ ਅਤੇ ਵੱਖਰੇ ਖਿੱਤੇ ਦਾ ਬੰਦਾ ਦੂਰ-ਦੁਰੇਡੇ ਵਾਪਰੇ ਹਾਦਸੇ ਨਾਲ ਸਾਂਝੀ ਤੰਦ ਲੱਭਦਾ ਹੈ। ਇਸ ਹਵਾਲੇ ਨਾਲ ਲਾਤੀਨੀ ਫ਼ਿਲਮਸਾਜ਼ਾਂ ਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੀ ਸਦੀ 'ਚ ਲਾਤੀਨੀ ਮੁਲਕਾਂ ਨੇ ਸਾਮਰਾਜੀ ਜੰਗਬਾਜ਼ਾਂ ਵੱਲੋਂ ਥੋਪੀਆਂ 'ਜਮਹੂਰੀ' ਅਤੇ ਫ਼ੌਜੀ ਤਾਨਾਸ਼ਾਹੀਆਂ ਦਾ ਕਹਿਰ ਝੱਲਿਆ ਹੈ ਜੋ ਮਨੁੱਖੀ-ਇਤਿਹਾਸ ਦਾ ਕਾਲਾ ਪੰਨਾ ਹੈ। ਕੁਦਰਤੀ ਸੋਮਿਆਂ ਦੀ ਭਾਰੀ ਲੁੱਟ ਇਨ੍ਹਾਂ ਮੁਲਕਾਂ 'ਚ ਮਚਾਈ ਗਈ। ਲੁੱਟ ਦਾ ਰਾਜ ਜਾਰੀ ਰੱਖਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ। ਸੰਨ੍ਹ 1973 ਵਿੱਚ ਚਿੱਲੀ ਦੀ ਜਮਹੂਰੀ ਸਰਕਾਰ ਦੇ ਮੁਖੀ ਸਲਾਵਡੋਰ ਅਲਾਂਡੇ ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਜਨਰਲ ਪਿਨੋਚੇ ਦੇ ਫ਼ੌਜੀ-ਨਿਜ਼ਾਮ ਨੇ ਵੱਖਰੀ ਸਿਆਸੀ ਸੋਚ ਰੱਖਣ ਵਾਲੇ ਜੀਆਂ ਨੂੰ ਵਿਉਂਤਬੱਧ ਢੰਗ ਨਾਲ ਕਿਓਟਣਾ ਸ਼ੁਰੂ ਕੀਤਾ। ਮੁਲਕ ਦੇ ਖੇਡ-ਮੈਦਾਨਾਂ ਤੋਂ ਲੈਕੇ ਐਟਾਕਾਮਾ ਦੇ ਮਾਰੂਥਲ ਨੂੰ ਤਸ਼ੱਦਦਖ਼ਾਨਿਆਂ 'ਚ ਤਬਦੀਲ ਕਰ ਦਿੱਤਾ ਗਿਆ। 

ਅਮਰੀਕਾ ਦੀ ਸ਼ਹਿ ਹੇਠ ਫ਼ੌਜੀ ਦਹਿਸ਼ਤਗਰਦੀ ਦਾ ਨੰਗਾ ਨਾਚ ਬ੍ਰਾਜ਼ੀਲ, ਅਰਜਨਟੀਨਾ ਅਤੇ ਜ਼ਿਆਦਾਤਰ ਲਾਤੀਨੀ ਮੁਲਕਾਂ 'ਚ ਨੱਚਿਆ ਗਿਆ। ਬਸਤਾਨਾਂ ਅਤੇ ਫ਼ੌਜੀਆਂ ਨੇ ਤਰੱਕੀ, ਮੁਲਕਪ੍ਰਸਤੀ ਅਤੇ ਕਮਿਉਨਿਜ਼ਮ ਦੇ ਖ਼ਤਰੇ ਤੋਂ ਬਚਾਅ ਵਰਗੇ ਤਿੰਨ ਨਾਅਰਿਆਂ ਹੇਠ ਇਹ ਦਹਿਸ਼ਤ-ਚੱਕਰ ਚਲਾਇਆ। ਲਾਤੀਨੀ ਫ਼ਿਲਮਸਾਜ਼ਾਂ ਨੇ ਉਨ੍ਹਾਂ ਦਹਿਸ਼ਤਜ਼ਦਾ ਸਮਿਆਂ ਬਾਰੇ ਲਗਾਤਾਰ ਫ਼ਿਲਮਾਂ ਬਣਾਈਆਂ ਹਨ ਅਤੇ ਬਣਾ ਰਹੇ ਹਨ। ਇਨ੍ਹਾਂ ਫ਼ਿਲਮਾਂ ਵਿੱਚ ਦਹਿਸ਼ਤ ਦੇ ਲਾਤੀਨੀ ਮਾਨਸਿਕਤਾ ਉੱਤੇ ਪਏ ਫ਼ੌਰੀ ਅਤੇ ਚਿਰਕਾਲੀ ਅਸਰ ਨੂੰ ਉਘੜਵੇ ਰੂਪ 'ਚ ਦੇਖਿਆ ਜਾ ਸਕਦਾ ਹੈ। 'ਦਿ ਸੀਕਰੇਟ ਇਨ ਦੇਅਰ ਆਈਜ਼', 'ਨਾਈਟ ਔਫ਼ ਦਿ ਪੈਨਸਿਲਜ਼', 'ਨੋ', 'ਦਿ ਉਫ਼ੀਸ਼ੀਅਲ ਸਟੋਰੀ', 'ਜ਼ੂਜ਼ੂ ਏਂਜਲ', 'ਪੋਸਟ ਮਾਰਟਮ', 'ਕਰੌਨੀਕਲ ਔਫ਼ ਐਨ ਐਸਕੇਪ', 'ਫੀਸਟ ਔਫ਼ ਦਿ ਗੋਟ', 'ਇਨ ਦਿ ਟਾਈਮ ਔਫ਼ ਬਟਰਫਲਾਈਜ਼', 'ਪ੍ਰਾਈਵੇਟ ਲਾਈਵਜ਼', 'ਬੈਟਲ ਔਫ਼ ਚਿਲੀ', 'ਮਚੂਕਾ', 'ਸੇਮ ਲਵ ਸੇਮ ਰੇਨ' ਅਤੇ 'ਹੈਡ ਲੈਸ ਵਿਮੈਨ' ਇਸ ਰੁਝਾਨ ਦੀਆਂ ਗੌਲਣਯੋਗ ਫ਼ਿਲਮਾਂ ਹਨ। ਇਹ ਫ਼ਿਲਮਾਂ ਚਰਚ ਤੋਂ ਲੈਕੇ ਤ੍ਰਾਸਦੀ ਲਈ ਕਸੂਰਵਾਰ ਹਰ ਸਮਾਜਕ ਅਤੇ ਸਿਆਸੀ ਅਦਾਰੇ 'ਤੇ ਸਵਾਲ ਉਠਾਉਂਦੀਆਂ ਹਨ। 

ਅਰਜਨਟੀਨਾ 'ਚ 'ਗੰਦੀ ਜੰਗ' (1976-86) ਦੇ ਦਿਨਾਂ ਦੌਰਾਨ ਫ਼ੌਜੀ ਤਾਨਾਸ਼ਾਹੀ ਨੇ ਮੁਲਕ ਦੇ ਹਜ਼ਾਰਾਂ ਖੱਬੇ-ਪੱਖੀ ਕਾਰਕੁਨ, ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਬੁੱਧੀਜੀਵੀ ਕਸਾਈਖ਼ਾਨਿਆਂ 'ਚ ਮਾਰ-ਖਪਾ ਦਿੱਤੇ। ਪਿਛਲੇ ਦਿਨੀਂ 'ਗੰਦੀ ਜੰਗ' ਦੇ ਫ਼ੌਜੀ ਤਾਨਾਸ਼ਾਹ ਜਾਰਜ ਰਾਫੇਲ ਵਿਡੈਲਾ ਨੂੰ 'ਸੋਚੀ ਸਮਝੀ ਸਾਜ਼ਿਸ਼' ਤਹਿਤ ਕੈਦੀ ਕੁੜੀਆਂ ਦੇ ਬੱਚੇ ਚੋਰੀ ਕਰਨ ਦੇ ਜੁਰਮ 'ਚ ਪੰਜਾਹ ਸਾਲ ਦੀ ਸਜ਼ਾ ਸੁਣਾਈ ਗਈ। ਵਿਡੈਲਾ ਆਪਣੇ ਰਾਜ ਵੇਲੇ ਕਹਿੰਦਾ ਹੁੰਦਾ ਸੀ ਕਿ ਰਾਜ ਦੀ ਰੱਖਿਆ ਲਈ ਹਰ ਨਾਬਰ ਬੰਦੇ ਨੂੰ ਮਾਰਾਂਗੇ। ਉਸ ਉੱਤੇ ਪੰਜ ਸੌ ਤੋਂ ਵੱਧ ਬੱਚੇ ਚੋਰੀ ਕਰਨ ਦਾ ਇਲਜ਼ਾਮ ਹੈ। ਜੇਲ੍ਹ ਵਿੱਚ ਬੰਦ ਗਰਭਵਤੀ ਕੁੜੀਆਂ ਦੇ ਬੱਚੇ ਚੋਰੀ ਕਰਕੇ ਅਮੀਰਾਂ ਅਤੇ ਅਸਰ-ਰਸੂਖ਼ ਵਾਲੇ ਬੇਔਲਾਦ ਲੋਕਾਂ ਨੂੰ ਵੇਚ ਦਿੱਤੇ ਜਾਂਦੇ ਸਨ।  ਬਹੁਤੀਆਂ ਕੁੜੀਆਂ ਸਿਆਸੀ ਕੈਦੀ ਸਨ। ਬੱਚੇ ਦੇ ਜਨਮ ਤੋਂ ਬਾਅਦ ਕੈਦੀ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਇਨ੍ਹਾਂ ਬੱਚਿਆਂ ਨੂੰ ਆਪਣੇ ਅਸਲੀ ਮਾਪਿਆਂ ਦਾ ਪਤਾ ਤੱਕ ਨਹੀਂ ਹੈ। ਕਈ ਕੇਸਾਂ 'ਚ ਕਾਤਲਾਂ ਨੇ ਹੀ ਮਕਤੂਲ ਦੇ ਬੱਚੇ ਨੂੰ ਆਪਣਾ ਜੁਆਕ ਬਣਾ ਲਿਆ। ਇਹ ਬੱਚੇ ਮਾਂ-ਪਿਉ ਦੇ ਕਾਤਲਾਂ ਨੂੰ ਹੀ ਮਾਪੇ ਮੰਨੀ ਬੈਠੇ ਹਨ। ਦਾਦੇ-ਦਾਦੀਆਂ ਅੱਜ ਵੀ ਮਾਰ-ਖਪਾਏ ਪੁੱਤਾਂ-ਧੀਆਂ-ਨੂੰਹਾਂ ਅਤੇ ਚੋਰੀ ਕੀਤੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨੂੰ ਲੱਭ ਰਹੇ ਹਨ। ਅਰਜਨਟੀਨੀ ਫ਼ਿਲਮ 'ਦਿ ਉਫ਼ੀਸ਼ੀਅਲ ਸਟੋਰੀ' ਅਜਿਹੇ ਹੀ ਪਾਤਰਾਂ ਨੂੰ ਪਰਦਾਪੇਸ਼ ਕਰਦੀ ਹੈ। 

ਕਈ ਫ਼ਿਲਮਾਂ ਉਨ੍ਹਾਂ ਕਾਲੇ ਸਮਿਆਂ 'ਚ ਚਰਚ ਦੀ ਸ਼ੱਕੀ ਅਤੇ ਨਾਂਹ-ਪੱਖੀ ਭੂਮਿਕਾ ਨੂੰ ਉਜਾਗਰ ਕਰਦੀਆਂ ਹਨ। ਇਸ ਤੋਂ ਵੀ ਅੱਗੇ ਚਰਚ ਨੇ ਕਾਤਲਾਂ ਨਾਲ ਮਿਲ ਕੇ ਕੰਮ ਕੀਤਾ। 'ਗੰਦੀ ਜੰਗ' ਦੌਰਾਨ ਬੱਸ ਪਾਸ ਲਈ ਸੰਘਰਸ਼ ਕਰਨ ਵਾਲੇ ਹਾਈ ਸਕੂਲ ਦੇ ਮੁੰਡੇ ਕੁੜੀਆਂ ਨੂੰ ਵੀ ਮਾਰ-ਖਪਾ ਦਿੱਤਾ ਗਿਆ। ਤਸ਼ੱਦਦ ਅਤੇ ਕਤਲ ਲਈ ਕਸਾਈਖ਼ਾਨਿਆਂ 'ਚ ਲਿਆਂਦੇ ਇਨ੍ਹਾਂ ਬੱਚਿਆਂ ਲਈ 'ਨਾਈਟ ਔਫ਼ ਦਿ ਪੈਨਸਿਲਜ਼' ਸ਼ਬਦ ਵਰਤਿਆ ਜਾਂਦਾ ਸੀ। ਚਰਚ ਅਤੇ ਹਾਕਮਾਂ ਦੀ ਨਜ਼ਰ ਵਿੱਚ ਇਹ ਮੁੰਡੇ-ਕੁੜੀਆਂ 'ਵਿਗੜੇ ਹੋਏ ਸਮਾਜਵਾਦੀ' ਸਨ ਜਿਨ੍ਹਾਂ ਨੂੰ ਸਿੱਧੇ ਰਾਹ ਪਾਉਣ ਦਾ ਇਹੀ ਤਰੀਕਾ ਸੀ। ਕੁਝ ਸਮਾਂ ਪਹਿਲਾਂ ਨਵੇਂ ਬਣੇ ਪੋਪ ਉੱਤੇ ਤਾਨਾਸ਼ਾਹ ਵਿਡੈਲਾ ਨਾਲ 'ਕੀਮਤੀ ਸੰਬੰਧ' ਰੱਖਣ ਦੇ ਦੋਸ਼ ਲੱਗੇ ਹਨ। ਚਰਚ ਅਤੇ ਨਵੇਂ ਬਣੇ ਪੋਪ ਦੀ ਸਾਜ਼ਿਸ਼ੀ ਭੂਮਿਕਾ ਦੀ ਕੁਝ ਨਿਰਪੱਖ ਰਹੇ ਪਾਦਰੀਆਂ ਨੇ ਪੁਸ਼ਟੀ ਕੀਤੀ ਹੈ। ਜਿਨ੍ਹਾਂ ਨੇ ਫ਼ੌਜੀ-ਨਿਜ਼ਾਮ ਦੇ ਬੇਕਿਰਕ ਜ਼ੁਲਮ ਦਾ ਮਨੁੱਖੀ ਪੈਂਤੜੇ ਤੋਂ ਵਿਰੋਧ ਕੀਤਾ ਸੀ। ਫ਼ਿਲਮ 'ਨਾਈਟ ਔਫ਼ ਦਿ ਪੈਨਸਿਲਜ਼' ਅਤੇ 'ਜ਼ੂਜ਼ੂ ਏਂਜਲ' ਵਿੱਚ ਅਜਿਹੇ ਵੇਰਵੇ ਮਿਲਦੇ ਹਨ। ਇਹ ਫ਼ਿਲਮਾਂ ਸੱਚੀਆਂ ਕਹਾਣੀਆਂ 'ਤੇ ਬਣੀਆਂ ਹਨ। ਇਹ ਸਵਾਲ ਤਾਂ ਪੁੱਛ ਹੀ ਲੈਣਾ ਚਾਹੀਦਾ ਹੈ ਕਿ ਵਿਡੈਲਾ ਨੂੰ ਸਜ਼ਾ ਮਿਲਣ ਤੋਂ ਬਾਅਦ ਹੁਣ ਮੌਜੂਦਾ ਪੋਪ ਦੀ ਜਵਾਬਦੇਹੀ ਕੌਣ ਕਰੇਗਾ?

ਉਂਝ ਲਾਤੀਨੀ ਸਿਨੇਮਾ 'ਚ ਫ਼ੌਜੀ ਤਾਨਾਸ਼ਾਹੀਆਂ ਦੇ ਪਿੱਛੇ ਕੰਮ ਕਰਦੇ ਅਸਲੀ ਵਿਚਾਰ ਅਤੇ ਤਾਕਤ ਬਾਰੇ ਘੱਟ ਗੱਲ ਹੁੰਦੀ ਹੈ। ਮਿਲਟਨ ਫਰਾਇਡਮੈਨ ਅਤੇ ਸ਼ਿਕਾਗੋ ਸਕੂਲ ਦੇ ਅਰਥ ਸਾਸ਼ਤਰੀਆਂ ਨੇ ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਪ੍ਰਯੋਗਸ਼ਾਲਾ ਵਜੋਂ ਚਿੱਲੀ, ਬ੍ਰਾਜ਼ੀਲ, ਅਰਜਨਟੀਨਾ, ਬੋਲੀਵੀਆ ਅਤੇ ਉਰੂਗਏ ਨੂੰ ਚੁਣਿਆ। ਮਿਲਟਨ ਫਰਾਇਡਮੈਨ ਸ਼ਿਕਾਗੋ ਯੂਨੀਵਰਸਿਟੀ 'ਚ ਅਰਥਸਾਸ਼ਤਰ ਦਾ ਅਧਿਆਪਕ ਸੀ ਜੋ ਖੁੱਲ੍ਹੀ ਮੰਡੀ ਦਾ ਹਮਾਇਤੀ ਸੀ ਜਿਸ ਵਿੱਚ ਸਰਕਾਰ ਦਾ ਦਖ਼ਲ ਘੱਟ ਤੋਂ ਘੱਟ ਅਤੇ ਅਰਥਚਾਰਾ ਨਿੱਜੀ ਹੱਥਾਂ ਵਿੱਚ ਹੋਣਾ ਚਾਹੀਦਾ ਹੈ। ਉਸਦੇ ਪੜ੍ਹਾਏ ਵਿਦਿਆਰਥੀਆਂ ਨੂੰ 'ਸ਼ਿਕਾਗੋ ਮੁੰਡੇ' ਕਿਹਾ ਜਾਂਦਾ ਹੈ ਜੋ ਤਾਨਾਸ਼ਾਹ ਜਰਨੈਲਾਂ ਦੇ ਸਲਾਹਕਾਰ ਬਣੇ ਅਤੇ ਨਿਜ਼ਾਮ 'ਚ ਉੱਚੀਆਂ ਪਦਵੀਆਂ 'ਤੇ ਰਹੇ। ਇਨ੍ਹਾਂ ਸ਼ਿਕਾਗੋਵਾਦੀ ਨੀਤੀਆਂ ਨਾਲ ਗ਼ਰੀਬ ਨੇ ਹੋਰ ਗ਼ਰੀਬ ਹੋਣਾ ਹੈ ਅਤੇ ਬਹੁਤਾ ਸਰਮਾਇਆ ਮੁੱਠੀ ਭਰ ਅਮੀਰਾਂ ਦੀ ਜੇਬ 'ਚ ਜਾਣਾ ਹੈ। ਇਸ ਜੁਰਮ ਨੂੰ ਨੇਪਰੇ ਚਾੜ੍ਹਨ ਲਈ ਫ਼ੌਜੀ ਜਬਰ ਜ਼ਰੂਰੀ ਸੀ। 'ਐਮਨੈਸਟੀ ਇੰਟਰਨੈਸ਼ਨਲ' ਅਤੇ ਹੋਰ ਮਨੁੱਖੀ ਹਕੂਕ ਜਥੇਬੰਦੀਆਂ ਨੇ ਸਿਰਫ਼ ਤਾਨਾਸ਼ਾਹੀ ਦੇ ਜ਼ੁਲਮਾਂ ਦੀ ਗੱਲ ਕੀਤੀ ਪਰ ਸ਼ਿਕਾਗੋਵਾਦੀਆਂ ਦੀ ਭੂਮਿਕਾ ਬਾਰੇ ਅੱਖਾਂ ਮੁੰਦ ਲਈਆਂ। ਦੋਹਾਂ ਜੁਰਮਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਲੇਖਕ ਨਾਉਮੀ ਕਲੇਨ ਦੀ ਕਿਤਾਬ 'ਸਦਮਾ ਸਿਧਾਂਤ-ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ' ਵਿੱਚ ਇਸਦੀ ਤਫ਼ਸੀਲ ਮਿਲਦੀ ਹੈ। ਉਂਝ ਅਰਜਨਟੀਨਾ 'ਚ 'ਮਾਵਾਂ ਦੀ ਲਹਿਰ' ਇਨ੍ਹਾਂ ਦੋਹਾਂ ਜੁਰਮਾਂ ਦੇ ਖ਼ਿਲਾਫ਼ ਸਭ ਤੋਂ ਤਿੱਖੀ ਲਹਿਰ ਰਹੀ ਹੈ ਅਤੇ ਹੁਣ ਵੀ ਹੈ। ਇਸ ਲਹਿਰ 'ਚ ਲਾਪਤਾ ਜੀਆਂ ਦੀਆਂ ਮਾਵਾਂ-ਦਾਦੀਆਂ ਅਤੇ ਨਾਨੀਆਂ ਸ਼ਾਮਲ ਸਨ।  

ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਕਹਿਰ ਸਾਡੇ ਮੁਲਕ 'ਚ ਉਘੜਵੇਂ ਰੂਪ 'ਚ ਦਿਸਣਾ ਸ਼ੁਰੂ ਹੋ ਚੁੱਕਿਆ ਹੈ। ਇਨ੍ਹਾਂ ਨੀਤੀਆਂ ਦੇ ਦਬਾਅ ਹੇਠ ਸਰਕਾਰ ਆਵਾਮ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਲੋਕਾਂ ਦੇ ਵਿਰੋਧ ਨੂੰ ਠੱਲਣ ਲਈ ਫ਼ੌਜ ਅਤੇ ਪੁਲਿਸ ਨੂੰ ਕਾਲੇ ਕਨੂੰਨਾਂ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ। ਮੁਲਕ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ। ਅਲਬਾਨੀਆਈ ਲੇਖਕ ਇਸਮਾਈਲ ਕਦਾਰੇ ਕਹਿੰਦਾ ਹੈ ਕਿ ਕਲਾ ਮੂਲ ਰੂਪ 'ਚ ਤਾਨਾਸ਼ਾਹੀ ਦੀ ਦੁਸ਼ਮਣ ਹੈ। ਫ਼ਿਲਮ ਕਲਾ ਇਸ ਘੇਰੇ ਤੋਂ ਬਾਹਰ ਨਹੀਂ ਹੋ ਸਕਦੀ। ਸਾਡੇ ਪੰਜਾਬੀ ਫ਼ਿਲਮਸਾਜ਼ਾਂ ਦੇ ਸਾਹਮਣੇ ਇਹ ਸਵਾਲ ਉੱਭਰ ਕੇ ਆਉਂਦਾ ਹੈ ਕਿ ਅਸੀਂ ਫ਼ਿਲਮ-ਕਿਰਤਾਂ ਰਾਹੀਂ ਮੁਕਾਮੀ ਤ੍ਰਾਸਦੀਆਂ ਨਾਲ ਕਿਸ ਕਿਸਮ ਦਾ ਸੰਵਾਦ ਰਚਾਇਆ ਹੈ ਅਤੇ ਕਿਸ ਤਰ੍ਹਾਂ ਦਾ ਰਚਾਉਣਾ ਹੈ? ਇਹ ਤ੍ਰਾਸਦੀਆਂ ਸਾਡੇ ਸਿਨੇਮੇ ਤੋਂ ਬਾਹਰ ਕਿਉਂ ਹਨ? ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਇਨ੍ਹਾਂ ਤ੍ਰਾਸਦੀਆਂ ਦੀ ਗੱਲ ਕਰਦੇ ਹੋਏ ਸਾਨੂੰ ਜ਼ਿੰਮੇਵਾਰੀ ਅਤੇ ਪੜਚੋਲਮੁਖੀ ਪਹੁੰਚ ਰੱਖਣੀ ਪਵੇਗੀ। ਹਰ ਗੱਲ ਸ਼ਰਧਾ ਜਾਂ ਭਾਵੁਕਤਾ ਨਾਲ ਨਹੀਂ ਨਬੇੜੀ ਜਾ ਸਕਦੀ। 

Tuesday 20 August 2013

SOUTHASIA COMES TO DAUDPUR


Daljit Ami

The old, disused granary of my ancestral home buzzed with activity in the third week of July. Having long been lying empty and decrepit, a fresh coat of paint did wonders to the godown which suddenly became a gallery. The inauguration, with renowned artist Malkit Singh, was an event marked by respect for local elders and their wisdom. With the summer sun dancing on the images, stories of ordinary people from across Southasia came alive in Daudpur. The steady stream of curious visitors was ample evidence of continuing interest, with growing numbers converging on Daudpur, after the word went around.



The septuagenarian artist Singh pointed out that his generation aspired to take exhibitions to villages and with this initiative, it has become a reality. He stressed that this is an historic event happening in rural Punjab. Laxmi Murthy, Director, Hri Southasia for Research and Exchange and Davinder Pal Singh, Executive Director of Panjab Digital Library (PDL) pondered over the idea of bringing such exhibitions to rural areas. Laxmi said that Hri has desired to bring Southasia to common people and in Daudpur, it has succeeded in its pursuit. Davinder shared that PDL has organized different exhibitions in urban areas but this exhibition offered the opportunity to reach out to more people.

It was the first time that such an event was held in our village. Of course, there have been religious and political exhibitions on several occasions. With so many people keen to see it, we were asked to extend the time of exhibition. We screened three documentaries in the evening from 8:00 pm, and the audience made a beeline to the exhibition soon after the screening.

Many visitors had never seen such an exhibition. For me, it was truly encouraging that people from all sections visited, and the repeated visits of cattle-shed cleaners and dish washers was touching as they spent time with every exhibit. They made someone or the other read out the stories for them. The curiosity level of people cutting across ages was remarkable. Right from an octogenarian home-maker to young school drop-outs, it was an attraction which become the talk of the village. A particularly poignant connection forged was that of Navjot Kaur with Vidya Pradhan. Navjot, a graduate from the village, had few job prospects. She had come to the exhibition hall to mop and clean, and was struck by Vidya’s story of struggle for higher education.

[L] Navjot Kaur, a recent graduate, helping clean the venue against the image of Vidya Pradhan in the background, [R] Visitors at Daudpur
For Daudpur, which has been somewhat prosperous but resembles a ghost settlement of fancy houses but sharply reduced population due to out-migration, it was a much-needed cultural boost. Once the traditional method of propaganda -- the Gurudwara loud-speaker- -came into use, people from nearby villages poured in to visit exhibition and attend screenings. Some travelled more than 100 kms to be part of the experience, which soon became a community effort. Chairs for the screening were contributed by the neighbourhood, and many people sat on cots. The second and third day saw some people standing in the courtyard and on an adjacent roof top. It seemed like the people of Daudpur could simply not get enough of Southasia. 
(This article was first published at Hri Southasian for Research and Exchange's website: http://www.hrisouthasian.org)

ਸਮਾਜਕ ਵਿਹਾਰ ਦੀਆਂ ਰਮਜ਼ਾਂ ਪੇਸ਼ ਕਰਦੀ ਬਿਰਤਾਂਤ ਪੱਤਰਕਾਰੀ

ਦਲਜੀਤ ਅਮੀ

ਬਿਰਤਾਂਤ ਪੱਤਰਕਾਰੀ ਦੀ ਵਿਧਾ ਪੁਰਾਣੀ ਹੈ ਪਰ ਮੌਜੂਦਾ ਦੌਰ ਵਿੱਚ ਇਹ ਮਕਬੂਲ ਹੋ ਰਹੀ ਹੈ। ਭਾਰਤ ਵਿੱਚ ਇਹ ਵਿਧਾ ਜ਼ਿਆਦਾਤਰ ਅੰਗਰੇਜ਼ੀ ਬੋਲੀ ਤੱਕ ਮਹਿਦੂਦ ਹੈ। ਇਸ ਵਿਦਾ ਦਾ ਨਿਭਾਅ ਰੋਜ਼ਾਨਾ ਪੱਤਰਕਾਰੀ ਤੋਂ ਵੱਖਰਾ ਹੈ। ਰੋਜ਼ਾਨਾ ਪੱਤਰਕਾਰੀ ਸੰਖੇਪ ਅਤੇ ਫੌਰੀ ਹੁੰਦੀ ਹੈ ਪਰ ਬਿਰਤਾਂਤ ਪੱਤਰਕਾਰੀ ਤਫ਼ਸੀਲ ਅਤੇ ਚਿਰਕਾਲੀ ਪੱਖ ਨੂੰ ਧੁਰਾ ਬਣਾਉਂਦੀ ਹੈ। ਮੁੱਖ ਧਾਰਾ ਦੀ ਪੱਤਰਕਾਰੀ ਵਿੱਚ ਥਾਂ ਅਤੇ ਸਮੇਂ ਦੀਆਂ ਹੱਦਾਂ ਭਾਰੂ ਰਹਿੰਦੀਆਂ ਹਨ। ਦੂਜੇ ਪਾਸੇ ਬਿਰਤਾਂਤ ਪੱਤਰਕਾਰੀ ਸਮੇਂ-ਸਥਾਨ ਦੀਆਂ ਹੱਦਾਂ ਵਿੱਚ ਢਿੱਲੀ ਡੋਰ ਨਾਲ ਬੰਨ੍ਹੀ ਹੁੰਦੀ ਹੈ ਪਰ ਇਸ ਵਿੱਚ ਤਤਕਾਲੀ ਤੱਤ ਦੀ ਅਹਿਮੀਅਤ ਕਾਇਮ ਰਹਿੰਦੀ ਹੈ। ਬਿਰਤਾਂਤ ਪੱਤਰਕਾਰੀ ਵਿੱਚ ਕਿਸੇ ਮਸਲੇ ਦਾ ਲੰਮਾ ਸਮਾਂ ਪਿੱਛਾ ਕੀਤਾ ਜਾਂਦਾ ਹੈ। ਕਿਸੇ ਘਟਨਾ ਦੀਆਂ ਪਰਤਾਂ ਫਰੋਲੀਆਂ ਜਾਂਦੀਆਂ ਹਨ ਜਾਂ ਕਿਸੇ ਸਖ਼ਸ਼ੀਅਤ ਨੂੰ ਕਈ ਪੱਖਾਂ ਅਤੇ ਸਮੇਂ ਨਾਲ ਜੋੜ ਕੇ ਵੇਖਣ ਦਾ ਉਪਰਾਲਾ ਕੀਤਾ ਜਾਂਦਾ ਹੈ। ਸਮਾਜਕ ਰੁਝਾਨ ਨੂੰ ਕਿਸੇ ਜੀਅ ਦੇ ਤਜਰਬੇ ਵਿੱਚੋਂ ਵੇਖਿਆ ਜਾਂਦਾ ਹੈ। ਕਿਰਦਾਰਾਂ, ਦ੍ਰਿਸ਼ਾਂ, ਸਰਗਰਮੀਆਂ, ਦਲੀਲ ਅਤੇ ਵਿਚਾਰਾਂ ਨੂੰ ਬਾਰੀਕ ਵੇਰਵਿਆਂ ਨਾਲ ਪੇਸ਼ ਕੀਤਾ ਜਾਂਦਾ ਹੈ। ਬਿਰਤਾਂਤ ਪੱਤਰਕਾਰੀ ਅਜਿਹੀ ਸਿਰਜਣਾਤਮਕ ਵਾਰਤਕ ਹੈ ਜੋ ਸਮਾਜਕ ਰੁਝਾਨ ਦੀ ਨੁਮਾਇੰਦਗੀ ਰਾਹੀਂ ਬਾਤ ਪਾਉਂਦੀ ਹੈ। ਖੋਜ, ਪੁਖ਼ਤਾ ਜਾਣਕਾਰੀ ਅਤੇ ਦਿਲਚਸਪੀ ਵਿੱਚ ਗੁੰਨੀ ਹੋਈ ਬਿਰਤਾਂਤ ਪੱਤਰਕਾਰੀ ਨੂੰ ਸਾਹਿਤਕ ਪੱਤਰਕਾਰੀ ਵੀ ਕਿਹਾ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਇਸ ਵਿਧਾ ਵਿੱਚ ਨਾਵਲ ਲਿਖੇ ਗਏ ਹਨ ਜੋ ਤੱਥਾਂ ਅਤੇ ਘਟਨਾਵਾਂ ਪੱਖੋਂ ਇਤਹਾਸ ਮੂਲਕ ਪਰ ਨਿਭਾਅ ਪੱਖੋਂ ਕਥਾ ਮੂਲਕ ਹਨ। ਇਸ ਵਿਧਾ ਨੂੰ ਕਈ ਕੌਮਾਂਤਰੀ ਰਸਾਲਿਆਂ ਅਤੇ ਪ੍ਰਕਾਸ਼ਕਾਂ ਨੇ ਤਵੱਜੋ ਦੇਣੀ ਸ਼ੁਰੂ ਕੀਤੀ ਹੈ। ਨਤੀਜੇ ਵਜੋਂ ਕਈ ਪੱਤਰਕਾਰਾਂ ਦੀਆਂ ਕਿਤਾਬਾਂ ਸਾਹਮਣੇ ਆਈਆਂ ਹਨ। 
ਚੰਦਰ ਸੁਤਾ ਡੋਗਰਾ

ਇਸੇ ਕੜੀ ਵਿੱਚ ਪੱਤਰਕਾਰ ਚੰਦਰ ਸੁਤਾ ਡੋਗਰਾ ਦੀ ਪਲੇਠੀ ਕਿਤਾਬ, 'ਮਨੋਜ ਐਂਡ ਬਬਲੀ: ਏ ਹੇਟ ਸਟੋਰੀ' ਆਈ ਹੈ। ਚੰਦਰ ਸੁਤਾ ਇਸ ਵੇਲੇ 'ਦ ਹਿੰਦ' ਅਖ਼ਬਾਰ ਵਿੱਚ ਕੰਮ ਕਰਦੀ ਹੈ ਅਤੇ ਪਹਿਲਾਂ ਹਫ਼ਤਾਵਾਰੀ ਰਸਾਲੇ 'ਆਉਟਲੁੱਕ' ਵਿੱਚ ਕੰਮ ਕਰਦੀ ਸੀ। ਦੋ ਦਹਾਕਿਆਂ ਦੇ ਪੱਤਰਕਾਰਾ ਜੀਵਨ ਵਿੱਚ ਚੰਦਰ ਸੁਤਾ ਨੇ ਹਰਿਆਣਾ ਵਿੱਚ ਬਹੁਤ ਕੰਮ ਕੀਤਾ ਹੈ। ਉਸ ਦਾ ਖਾਪ ਪੰਚਾਇਤਾਂ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨਾਲ ਲਗਾਤਾਰ ਵਾਹ ਪੈਂਦਾ ਰਿਹਾ ਹੈ। ਮਨੋਜ ਅਤੇ ਬਬਲੀ ਨੇ 2007 ਵਿੱਚ ਆਪਣੇ ਪਿੰਡੋਂ ਭੱਜ ਕੇ ਵਿਆਹ ਕਰਵਾਇਆ ਸੀ। ਖਾਪ ਪੰਚਾਇਤ ਨੇ ਉਨ੍ਹਾਂ ਦੇ ਵਿਆਹ ਨੂੰ ਨਾਜਾਇਜ਼ ਕਰਾਰ ਦਿੱਤਾ ਸੀ। ਬਬਲੀ ਦੇ ਘਰਦਿਆਂ ਨੇ ਦੋਵਾਂ ਦਾ ਕਤਲ ਕਰ ਦਿੱਤਾ ਸੀ। ਇਨ੍ਹਾਂ ਕਤਲਾਂ ਵਿੱਚ ਪੰਚਾਇਤੀਆਂ, ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਖ਼ਬਰਾਂ ਦੀਆਂ ਸੁਰਖ਼ੀਆਂ ਬਣਦੀ ਰਹੀ ਸੀ। ਚੰਦਰ ਸੁਤਾ ਨੇ ਇਨ੍ਹਾਂ ਕਤਲਾਂ ਦੇ ਪਿਛਕੋੜ ਅਤੇ ਬਾਅਦ ਦੇ ਘਟਨਾਕ੍ਰਮ ਨੂੰ ਗਵਾਹੀਆਂ, ਸਬੂਤਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਆਪਣੀ ਕਿਤਾਬ ਵਿੱਚ ਉਸਾਰਿਆ ਹੈ। 

ਖਾਪ ਪੰਚਾਇਤ, ਹਰਿਆਣਾ ਦੇ ਪੇਂਡੂ ਮਾਹੌਲ ਅਤੇ ਸਮਾਜਕ ਰੀਤ-ਰਿਵਾਜ਼ ਦੀ ਪੇਸ਼ਕਾਰੀ ਵੇਲੇ ਚੰਦਰ ਸੁਤਾ ਮੁਕਾਮੀ ਪਾਠਕ ਦੇ ਨਾਲ-ਨਾਲ ਵਿੱਥ ਉੱਤੇ ਖੜੋਤੀ ਜਗਿਆਸਾ ਦਾ ਧਿਆਨ ਰੱਖਦੀ ਹੈ। ਉਹ ਸਮਾਜਕ ਕਾਰਜਸ਼ੀਲਤਾ ਨੂੰ ਦਰਜ ਕਰਦੀ ਹੋਈ ਥਾਵਾਂ, ਕਿਰਦਾਰਾਂ, ਘਟਨਾਵਾਂ ਅਤੇ ਸਮਾਜਕ ਵਿਹਾਰ ਬਾਬਤ ਬੁਨਿਆਦੀ ਜਾਣਕਾਰੀ ਮੁਹੱਈਆ ਕਰਦੀ ਹੈ ਅਤੇ ਨਾਲੋ-ਨਾਲ ਉਨ੍ਹਾਂ ਦੀ ਪੇਚੀਦਗੀ ਨੂੰ ਗੇੜ ਵਿੱਚ ਲੈਂਦੀ ਹੈ। ਉਹ ਮਨੋਜ ਦੀ ਮਾਂ ਚੰਦਰਾਪਤੀ ਅਤੇ ਭੈਣ ਸੀਮਾ ਰਾਹੀਂ ਖਾਪ ਪੰਚਾਇਤ ਦੀਆਂ ਪਾਬੰਦੀਆਂ ਦੀ ਮਾਰ ਦਾ ਅਹਿਸਾਸ ਪਾਠਕ ਤੱਕ ਪਹੁੰਚਾਉਂਦੀ ਹੈ। ਇਨ੍ਹਾਂ ਦੀ ਦ੍ਰਿੜਤਾ ਰਾਹੀਂ ਉਹ ਇਨਸਾਫ਼ ਦੀ ਲੜਾਈ ਦਾ ਹਰ ਪੜਾਅ ਚਿਤਰਦੀ ਹੈ। ਸਮਾਜਕ ਪਾਬੰਦੀਆਂ, ਪੁਲਿਸ ਉੱਤੇ ਭਾਰੂ ਸਮਾਜਕ ਵਿਹਾਰ, ਖਾਪ ਪੰਚਾਇਤਾਂ ਦੀ ਹਮਾਇਤ ਉੱਤੇ ਖੜੀਆਂ ਸਿਆਸੀ ਪਾਰਟੀਆਂ ਅਤੇ ਸਮਾਜਕ ਦਾਬੇ ਹੇਠ ਕੰਨੀ ਖਿਸਕਾ ਰਹੇ ਵਕੀਲ ਰਾਹੀਂ ਭਾਰੂ ਧਿਰ ਦਾ ਜ਼ੋਰ ਪੇਸ਼ ਹੁੰਦਾ ਹੈ। 

ਚੰਦਰਾਪਤੀ ਨੇ ਆਪਣੇ ਪਤੀ ਅਤੇ ਸਹੁਰੇ ਦੀਆਂ ਮੌਤਾਂ ਤੋਂ ਬਾਅਦ ਇੱਕਲੀ ਨੇ ਚਾਰ ਬੱਚੇ ਪਾਲੇ। ਉਹ ਇਨਸਾਫ਼ ਦੀ ਲੜਾਈ ਨੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਦੀ ਅਗਲੀ ਕੜੀ ਵਜੋਂ ਵੇਖਦੀ ਹੈ ਅਤੇ ਸੀਮਾ ਆਪਣੀ ਮਾਂ ਦੀ ਦ੍ਰਿੜਤਾ ਨੂੰ ਦਲੀਲਮੰਦ ਚਾਰਾਜੋਈ ਰਾਹੀਂ ਦੂਣ-ਸਵਾਇਆ ਕਰਦੀ ਹੈ। ਜਦੋਂ ਭਾਈਚਾਰੇ ਦੇ ਨਾਮ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਨਰਿੰਦਰ ਆਪਣੀ ਮਾਸੀ-ਚਾਚੀ ਚੰਦਰਾਪਤੀ ਦੀ ਮਦਦ ਉੱਤੇ ਆਉਂਦਾ ਹੈ। ਨਰਿੰਦਰ ਪੁਲਿਸ ਤੋਂ ਪਹਿਲਾਂ ਜਾਂਚ ਦਾ ਮੁੱਢਲਾ ਕੰਮ ਕਰਦਾ ਹੈ ਅਤੇ ਮੀਡੀਆ ਦੀ ਮਦਦ ਨਾਲ ਪੁਲਿਸ ਮਹਿਕਮੇ ਦੀ ਮਿਲੀਭੁਗਤ ਬੇਪਰਦ ਕਰਦਾ ਹੈ। ਚੰਦਰਾਪਤੀ, ਸੀਮਾ ਅਤੇ ਨਰਿੰਦਰ ਇੱਕਹਿਰੇ ਸਰੀਰਾਂ ਵਾਲੇ ਜੀਅ ਹਨ ਜੋ ਸਮਾਜਕ ਜ਼ੋਰਾਵਰਾਂ, ਪੱਖਪਾਤੀ ਹਕੂਮਤੀ ਲਾਣੇ, ਦੋਗਲੀਆਂ ਸਿਆਸੀ ਪਾਰਟੀਆਂ ਅਤੇ ਜਾਤੀ ਤੇ ਮਰਦਾਵੀਂ ਹੈਂਕੜ ਸਾਹਮਣੇ ਝੁਕਣ ਤੋਂ ਇਨਕਾਰ ਕਰਦੇ ਹਨ। ਇਨ੍ਹਾਂ ਲਈ ਇਨਸਾਫ਼ ਦੀ ਲੜਾਈ ਸਾਹ ਲੈਣ ਸੰਘਰਸ਼ ਹੋ ਜਾਂਦੀ ਹੈ। ਅਜਿਹੇ ਵੇਲੇ ਜਨਵਾਦੀ ਮਹਿਲਾ ਸੰਗਠਨ ਦੀਆਂ ਬੀਬੀਆਂ ਪੀੜਤ ਧਿਰ ਨਾਲ ਖੜਦੀਆਂ ਹਨ ਅਤੇ ਹਕੂਮਤੀ ਵਿਹਾਰ ਤੇ ਸੰਵਿਧਾਨ ਵਿਚਲਾ ਪਾੜਾ ਉਘਾੜ ਕੇ ਪੇਸ਼ ਕਰਦੀਆਂ ਹਨ। 
ਜਗਮਤੀ ਸਾਗ਼ਵਾਨ

ਚੰਦਰ ਸੁਤਾ ਡੋਗਰਾ ਇਸ ਲਿਖਤ ਵਿੱਚ ਬਬਲੀ ਦੀ ਮਾਂ ਓਮਪਤੀ ਰਾਹੀਂ ਦੁਖਾਂਤ ਦਾ ਗੌਣ ਪਾਸਾ ਪੇਸ਼ ਕਰਦੀ ਹੈ। ਓਮਪਤੀ ਦੇ ਘਰਦਿਆਂ ਨੇ ਉਸ ਦੀ ਧੀ ਦਾ ਕਤਲ ਕੀਤਾ ਹੈ। ਉਸ ਕੋਲ ਕੋਈ ਅਫ਼ਸੋਸ ਕਰਨ ਨਹੀਂ ਆਇਆ। ਅਫ਼ਸੋਸ ਕਰਨ ਗਈ ਜਨਵਾਦੀ ਮਹਿਲਾ ਸੰਗਠਨ ਦੀ ਆਗੂ ਜਗਮਤੀ ਸਾਗ਼ਵਾਨ ਨੂੰ ਘਰ ਦੇ ਬਾਹਰੋਂ ਮੋੜ ਦਿੱਤਾ ਗਿਆ। ਲੇਖਕ ਦੀ ਉਸ ਤੱਕ ਪਹੁੰਚ ਨਹੀਂ ਹੁੰਦੀ। ਓਮਪਤੀ ਦੀ ਚੁੱਪ ਅਤੇ ਬੇਵਸੀ ਚੰਦਰ ਸੁਤਾ ਵਿੱਚੋਂ ਬੋਲਦੀ ਹੈ। ਇਹੋ ਅਹਿਸਾਸ ਅਦਾਲਤ ਦੇ ਫ਼ੈਸਲੇ ਵਿੱਚ ਜੱਜ ਵਾਨੀ ਗੋਪਾਲ ਸ਼ਰਮਾ ਦਰਜ ਕਰਦੀ ਹੈ। ਮਮਤਾ ਦੀ ਤੰਦ ਬਿਨਾਂ ਬੋਲੇ ਓਮਪਤੀ, ਚੰਦਰਾਪਤੀ, ਜਗਮਤੀ ਸਾਗ਼ਵਾਨ, ਚੰਦਰ ਸੁਤਾ ਡੋਗਰਾ ਅਤੇ ਵਾਨੀ ਗੋਪਾਲ ਸ਼ਰਮਾ ਵਿਚਲਾ ਸੰਵਾਦ ਪੇਸ਼ ਕਰਦੀ ਹੈ। ਪਾਠਕ ਨੂੰ ਇਨ੍ਹਾਂ ਕਤਲਾਂ ਲਈ ਕਸੂਰਵਾਰ ਮਰਦਾਵੀਂ ਸੋਚ ਅਤੇ ਪੀੜਤ ਧਿਰ ਦੀ ਮਮਤਾਮਈ ਚੁੱਪ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ। ਇੱਕ ਪਾਸੇ ਚੰਦਰ ਸੁਤਾ ਸਾਰੇ ਕਿਰਦਾਰਾਂ ਦੇ ਜ਼ਾਹਰ-ਬਾਤਨ ਦੀ ਤਸਵੀਰ ਪੇਸ਼ ਕਰਦੀ ਹੈ ਅਤੇ ਦੂਜੇ ਪਾਸੇ ਪਾਠਕ ਦੀ ਚਿੰਤਨੀ ਸੁਰ ਛੇੜਦੀ ਹੈ। ਉਹ ਸਮਾਜਕ ਤਬਦੀਲੀ ਦਾ ਜ਼ਿੰਮਾ ਨਹੀਂ ਚੁੱਕਦੀ ਸਗੋਂ ਬਰੀਕ ਵੇਰਵਿਆਂ ਅਤੇ ਸੰਖੇਪ ਟਿੱਪਣੀਆਂ ਰਾਹੀਂ ਪਾਠਕ ਨੂੰ ਆਪਣੀ ਰਾਏ ਬਣਾਉਣ ਵਿੱਚ ਮਦਦ ਕਰਦੀ ਹੈ। ਉਹ ਹਾਲਾਤ ਨਾਲ ਆਪਣੀ ਵਿੱਥ ਕਾਇਮ ਰੱਖਦੀ ਹੈ। ਪੁਲਿਸ ਦੇ ਦਸਤਾਵੇਜ਼ਾਂ, ਅਦਾਲਤੀ ਫ਼ੈਸਲਿਆਂ, ਅਖ਼ਬਾਰੀ ਕਾਤਰਾਂ, ਟੈਲੀਵਿਜ਼ਨ ਦੀਆਂ ਰਪਟਾਂ, ਗਵਾਹੀਆਂ ਅਤੇ ਹੋਰ ਸਬੂਤਾਂ ਰਾਹੀਂ ਚੰਦਰ ਸੁਤਾ ਪਾਠਕ ਨੂੰ ਉਸ ਸਮੇਂ-ਸਥਾਨ ਦਾ ਫੇਰਾ ਪੁਆਉਂਦੀ ਹੈ। ਕਿਰਦਾਰਾਂ ਨਾਲ ਮਿਲਾਉਂਦੀ ਹੈ। ਉਨ੍ਹਾਂ ਦੀ ਸੋਚ-ਸਮਝ ਅਤੇ ਸਮਾਜਕ ਵਿਹਾਰ ਦਾ ਪਿਛੋਕੜ ਦੱਸਦੀ ਹੈ। ਉਨ੍ਹਾਂ ਦੇ ਸਾਹਮਣੇ ਖੜੇ ਸਵਾਲਾਂ ਦੀ ਨਿਸ਼ਾਨਦੇਹੀ ਕਰਦੀ ਹੈ। 

ਮਨੋਜ ਅਤੇ ਬਬਲੀ ਦੇ ਪਿੰਡ ਕਰੋੜਾਂ ਵਿੱਚ ਉਨ੍ਹਾਂ ਦੇ ਕਤਲ 'ਇੱਜ਼ਤ ਨੂੰ ਲੱਗਿਆ ਦਾਗ਼' ਧੋਣ ਲਈ ਕੀਤੇ ਜਾਂਦੇ ਹਨ। ਉਸੇ ਪਿੰਡ ਵਿੱਚ ਸਵਾਲ ਹੋਇਆ ਕਿ ਜੇ ਬਬਲੀ ਦੀ ਇੱਜ਼ਤ ਲਈ ਕਤਲ ਕੀਤੇ ਜਾ ਸਕਦੇ ਹਨ ਤਾਂ ਮਨੋਜ ਦੀਆਂ ਭੈਣਾਂ ਸੀਮਾ ਅਤੇ ਰੇਖਾ ਨੂੰ ਪਾਬੰਦੀਆਂ ਰਾਹੀਂ ਖੱਜਲਖੁਆਰ ਕਿਵੇਂ ਕੀਤਾ ਜਾ ਸਕਦਾ ਹੈ? ਆਖ਼ਰ ਉਹ ਵੀ ਪਿੰਡ ਦੀਆਂ ਧੀਆਂ ਹਨ! ਕੁਝ ਨੌਜਵਾਨ ਖਾਪ ਪੰਚਾਇਤ ਦੀਆਂ ਪਾਬੰਦੀਆਂ ਤੋੜ ਕੇ ਚੰਦਰਪਤੀ ਦੇ ਘਰ ਜਾਂਦੇ ਹਨ ਪਰ ਬਾਅਦ ਵਿੱਚ ਬਜ਼ੁਰਗਾਂ ਦੇ ਦਬਾਅ ਹੇਠ ਚੁੱਪ ਧਾਰ ਲੈਂਦੇ ਹਨ। ਹਰ ਸਾਲ ਦੀਵਾਲੀ ਦੇ ਦੀਵੇ ਵੇਚਣ ਵਾਲਾ ਸਸਕਾਰ ਲਈ ਘੜਾ ਦੇਣ ਤੋਂ ਇਨਕਾਰ ਕਰਦਾ ਹੈ। ਦੁਕਾਨਦਾਰ ਸੌਦਾ ਨਹੀਂ ਵੇਚਦੇ। ਟੈਂਪੂ ਵਾਲੇ ਬਿਠਾਉਣ ਤੋਂ ਇਨਕਾਰ ਕਰਦੇ ਹਨ। ਮੱਝਾਂ ਦੇ ਖਰੀਦੇ ਹੋਏ ਚਾਰੇ ਦੇ ਪੈਸੇ ਵਾਪਸ ਹੋ ਜਾਂਦੇ ਹਨ। ਅਦਾਲਤ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਉਂਦੀ ਹੈ। ਸਾਜ਼ਿਸ਼ਕਾਰ ਸਿਆਸਤਦਾਨ ਨੂੰ ਉਮਰ ਕੈਦ ਹੁੰਦੀ ਹੈ। ਖਾਪ ਪੰਚਾਇਤ ਪਿੰਡ ਵਿੱਚ ਪੰਚਾਇਤੀ ਚੋਣਾਂ ਤੱਕ ਨਹੀਂ ਹੋਣ ਦਿੰਦੀ ਪਰ ਵਿਕਾਸ ਦਾ ਮੁੱਦਾ ਮੁੜ ਕੇ ਸਵਾਲ ਬਣਦਾ ਹੈ। 

ਚੰਦਰ ਸੁਤਾ ਡੋਗਰਾ ਦਾ ਪੜਿਆ-ਲਿਖਿਆ ਸ਼ਹਿਰੀ ਖ਼ਾਸਾ ਲਿਖਤ ਵਿੱਚੋਂ ਝਲਕਦਾ ਹੈ। ਉਹ ਸਿਆਸੀ ਜਾਂ ਨੈਤਿਕ ਪੈਂਤੜਾ ਨਹੀਂ ਲੈਂਦੀ ਪਰ ਪੇਂਡੂ ਬੰਦੇ ਬਾਬਤ ਗੱਲ ਕਰਨ ਵੇਲੇ ਸ਼ਹਿਰੀ ਕੁਲੀਨਤਾ ਵਾਲੇ ਵਿਸ਼ੇਸ਼ਣ ਲਗਾਤਾਰ ਲਗਾਉਂਦੀ ਹੈ। ਉਸ ਨੂੰ ਖਾਪ ਪੰਚਾਇਤੀ ਅਤੇ ਹੋਰ ਲੋਕ ਬਦਬੂਦਾਰ ਅਤੇ ਨਾ ਨਹਾਉਣ-ਧੋਣ ਵਾਲੇ ਲੱਗਦੇ ਹਨ। ਚੰਦਰ ਸੁਤਾ ਲਈ ਸ਼ੇਵ ਨਾ ਕਰਨਾ ਗੰਦੇ ਹੋਣ ਦੀ ਨਿਸ਼ਾਨੀ ਹੈ। ਉਹ ਸਮਾਜਕ ਦਖ਼ਲਅੰਦਾਜ਼ੀ ਦੇ ਤੱਤਾਂ ਦੀ ਭਾਲ ਸਮਾਜ ਦੀ ਥਾਂ ਸਰਕਾਰੀ ਅਦਾਰਿਆਂ ਵਿੱਚੋਂ ਕਰਦੀ ਹੈ। ਸਮਾਜਕ ਸੋਚ ਦੇ ਦਮ ਉੱਤੇ ਦਮ ਭਰਨ ਵਾਲੇ ਰੁਝਾਨ ਦੀਆਂ ਆਪਣੀਆਂ ਪੇਚੀਦਗੀਆਂ ਹੋਣਗੀਆਂ। ਚੰਦਰਾਪਤੀ ਦੇ ਘਰ ਪੁੱਜਦੀਆਂ ਧਮਕੀਆਂ ਨੂੰ ਚੋਰੀ-ਛੁਪੇ ਆ ਰਹੀ ਹਮਦਰਦੀ ਕੁਝ ਨਹੀਂ ਕਰ ਸਕਦੀ ਪਰ ਇਸ ਵਿੱਚੋਂ ਸਮਾਜ ਦੀਆਂ ਡੂੰਘੀਆਂ ਰਮਜ਼ਾਂ ਅਤੇ ਸੰਭਾਵਨਾ ਦੀ ਦੱਸ ਪੈਂਦੀ ਹੈ। ਇਹ ਪੱਖ ਚੰਦਰ ਸੁਤਾ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ। ਹੋ ਸਕਦਾ ਹੈ ਕਿ ਅੰਗਰੇਜ਼ੀ ਦੇ ਪਾਠਕ ਘੇਰੇ ਲਈ ਕਾਇਦਾ ਨੁਮਾ ਕਿਤਾਬ ਮੰਨ ਨੇ ਇਸ ਪੱਖ ਦੀ ਅਹਿਮੀਅਤ ਘੱਟ ਮੰਨੀ ਗਈ ਹੋਵੇ ਪਰ ਜੇ ਇਹ ਕਿਤਾਬ ਹਿੰਦੀ ਵਿੱਚ ਹੁੰਦੀ ਤਾਂ ਇਸ ਪੱਖ ਉੱਤੇ ਭਰਪੂਰ ਚਰਚਾ ਹੋਣੀ ਸੀ। ਤਤਕਾਲੀ ਮਸਲਿਆਂ ਅਤੇ ਵਾਰਤਕ ਵਿੱਚ ਦਿਲਚਸਪੀ ਰੱਖਣ ਵਾਲੇ ਹਰ ਪਾਠਕ ਲਈ ਇਹ ਕਿਤਾਬ ਮੁੱਲਵਾਨ ਹੋ ਸਕਦੀ ਹੈ। ਇਹ ਬਿਨਾਂ ਸ਼ੱਕ ਬਿਰਤਾਂਤ ਪੱਤਰਕਾਰੀ ਦੀ ਨੁਮਾਇੰਦਗੀ ਕਰਨ ਵਾਲੀ ਕਿਤਾਬ ਹੈ। ਜੇ ਇਸ ਨੂੰ ਪਾਕਿਸਤਾਨੀ ਬੀਬੀ ਮੁਖ਼ਤਾਰਾਂ ਮਾਈ ਦੀ ਕਿਤਾਬ 'ਇਨ ਦਾ ਨੇਮ ਆਫ਼ ਔਨਰ' ਦੇ ਨਾਲ ਪੜ੍ਹਿਆ ਜਾਵੇ ਤਾਂ ਇੱਕੋ ਰੁਝਾਨ ਦੀਆਂ ਦੋ ਕੜੀਆਂ ਨਾਲ ਕੌਮਾਂਤਰੀ ਸਰਹੱਦਾਂ ਦੇ ਆਰ-ਪਾਰ ਕਿਸੇ ਵਡੇਰੀ ਲੜੀ ਦੀ ਸਮਝ ਪੈਂਦੀ ਹੈ। 

ਪ੍ਰਕਾਸ਼ਕ: ਪੈਂਗੁਇੰਨ
ਪੰਨੇ: 239
ਕੀਮਤ: 299 ਰੁਪਏ

Monday 19 August 2013

ਆਲਮੀ ਅਮਨ ਦੇ ਪਰਵਾਨਿਆਂ ਦੀ ਕਥਾ: ਜੁਅਏਕਸ ਨੋਇਲ

ਜਤਿੰਦਰ ਮੌਹਰ

ਅਮਰੀਕੀ ਲੋਕ-ਇਤਿਹਾਸਕਾਰ ਅਤੇ ਚਿੰਤਕ ਹਾਵਰਡ ਜ਼ਿੰਨ ਕਹਿੰਦਾ ਹੈ ਕਿ ਦਹਿਸ਼ਤ ਦੇ ਖ਼ਿਲਾਫ਼ ਜੰਗ ਦੀ ਗੱਲ ਕਿੰਨੀ ਕੁ ਜਾਇਜ਼ ਹੈ ਜਦੋਂ ਜੰਗ ਅਪਣੇ ਆਪ 'ਚ ਅਤਿਵਾਦ ਦਾ ਰੂਪ ਹੈ? ਇਸ ਬਿਆਨ 'ਚੋਂ ਬਾਬੇ ਹਾਵਰਡ ਦਾ ਨਿੱਜੀ ਤਜਰਬਾ ਬੋਲਦਾ ਹੈ। ਦੂਜੀ ਆਲਮੀ ਜੰਗ 'ਚ ਉਹ ਅਮਰੀਕਾ ਵੱਲੋਂ ਬਰਲਿਨ, ਚੈਕਸਲੋਵਾਕੀਆ, ਹੰਗਰੀ ਅਤੇ ਫ਼ਰਾਂਸ ਦੇ ਸ਼ਹਿਰਾਂ 'ਤੇ ਬੰਬਾਰੀ ਕਰਨ ਵਾਲੇ ਹਵਾਈ-ਦਸਤੇ ਦਾ ਹਿੱਸਾ ਸੀ। ਉਸ ਨੇ ਜੰਗ ਦੀ ਭਿਆਨਕਤਾ ਅੱਖੀਂ ਦੇਖੀ ਹੈ। ਜੰਗ ਦੀ ਬਰਬਰਤਾ ਅਤੇ ਉਸਦੇ ਸ਼ਿਕਾਰ ਲੋਕਾਂ ਦੀ ਹਾਲਤ ਦੇਖ ਕੇ ਬਾਬੇ ਨੇ ਜੰਗ ਦੇ ਖ਼ਿਲਾਫ਼ ਬੀੜਾ ਚੁੱਕ ਲਿਆ ਜੋ ਉਸਦੇ ਆਖ਼ਰੀ ਸਾਹਾਂ ਤੱਕ ਕਾਇਮ ਰਿਹਾ। ਉਸਨੇ ਸਾਮਰਾਜੀ ਜੰਗਬਾਜ਼ਾਂ ਦੇ ਬਖ਼ੀਏ ਉਧੇੜੇ ਅਤੇ ਜਮਹੂਰੀਅਤ ਦੀ ਸੱਚੀ ਧਾਰਨਾ ਦਾ ਪਸਾਰਾ ਕਰਨ ਲਈ ਜ਼ਿੰਦਗੀ ਲੇਖੇ ਲਾਈ। ਗ਼ੁਲਾਮੀ ਅਤੇ ਮੁਨਾਫ਼ੇ ਦੇ ਪੈਰੋਕਾਰਾਂ ਲਈ ਜੰਗ ਇੱਕ ਵਪਾਰ ਹੈ। ਮਨੁੱਖ-ਘਾਤੀ ਹਥਿਆਰਾਂ ਲਈ ਕਰਜ਼ੇ ਦੇਣ, ਆਵਾਮ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾਉਣ ਅਤੇ ਲੋਕ-ਦੋਖੀ ਪ੍ਰਬੰਧ ਦੀ ਉਮਰ ਲੰਬੀ ਕਰਨ ਦਾ 'ਸੁਨਹਿਰੀ ਮੌਕਾ' ਬਣ ਜਾਂਦਾ ਹੈ। ਆਲਮ ਦੀਆਂ ਬਹੁਤੀਆਂ ਜੰਗਾਂ ਬੈਂਕਰਾਂ ਅਤੇ ਹਾਕਮਾਂ ਵੱਲੋਂ ਆਵਾਮ 'ਤੇ ਥੋਪੀਆਂ ਜਾਂਦੀਆਂ ਹਨ। ਤਰੱਕੀ, ਮੁਲਕ ਅਤੇ ਨੇਸ਼ਨ ਸਟੇਟ ਦੇ ਨਾਮ 'ਤੇ ਭੜਕਾਈਆਂ ਜਾਂਦੀਆਂ ਜੰਗਾਂ ਪਿੱਛੇ ਡਾਹਢਿਆਂ ਦੀ ਵਹਿਸ਼ੀ ਸਿਆਸਤ ਅਤੇ ਹਿੱਤ ਜੁੜੇ ਹੁੰਦੇ ਹਨ। ਅਤਿਵਾਦ ਦਾ ਹਊਆ ਖੜਾ ਕਰਕੇ ਆਮ ਸ਼ਹਿਰੀਆਂ ਦੀਆਂ ਆਜ਼ਾਦੀਆਂ ਖੋਹਣ ਅਤੇ ਆਵਾਮ ਨੂੰ ਕਾਬੂ ਕਰਨ ਲਈ ਕਾਲੇ ਕਾਨੂੰਨ ਘੜੇ ਜਾਂਦੇ ਹਨ। ਹੰਗਾਮੀ ਹਾਲਾਤ ਪੈਦਾ ਕਰਕੇ ਜੰਗ ਦੀ ਸਰਗਰਮੀ ਨੂੰ ਹਵਾ ਦਿੱਤੀ ਜਾਂਦੀ ਹੈ। ਸਸਤੇ ਕਿਸਮ ਦੀ ਮੁਲਕਪ੍ਰਸਤੀ ਦੇ ਨਾਮ 'ਤੇ ਫੇਰਿਆ ਸੁਹਾਗਾ ਜਮਹੂਰੀਅਤ ਦੀ ਧਾਰਨਾ ਨੂੰ ਵਧਣ-ਫੁੱਲਣ ਨਹੀਂ ਦਿੰਦਾ। ਸਾਡੇ ਮੁਲਕ 'ਚ ਕਾਬਜ਼ ਧਿਰਾਂ ਗਾਹੇ-ਬਗਾਹੇ ਗੁਆਂਢੀ ਮੁਲਕਾਂ ਨਾਲ ਜੰਗ ਛੇੜਨ ਦੇ ਨਾਅਰੇ ਦਿੰਦੀਆਂ ਰਹਿੰਦੀਆਂ ਹਨ। ਜੰਗ ਦੇ ਹੱਕ 'ਚ ਜਿੰਨੇ ਮਰਜ਼ੀ ਤਰਕ ਦਿੱਤੇ ਜਾਣ ਪਰ ਇਸਦੇ ਮਨੁੱਖਤਾ ਵਿਰੋਧੀ ਖ਼ਾਸੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।  

ਜੰਗ ਦੇ ਭਿਆਨਕ ਸਮਿਆਂ 'ਚ ਵੀ ਮਨੁੱਖ ਨੇ ਆਪਣਾ ਮੂਲ ਨਹੀਂ ਛੱਡਿਆ। ਅਜਿਹੇ ਹੀ ਸਮਿਆਂ ਦੀ ਬਾਤ ਪਾਉਂਦੀ ਫ਼ਿਲਮ 'ਜੁਆਏਕਸ ਨੋਇਲ' ਹੈ ਜੋ ਸੰਨ੍ਹ ਦੋ ਹਜ਼ਾਰ ਪੰਜ 'ਚ ਪਰਦਾਪੇਸ਼ ਹੋਈ ਸੀ। ਜੁਆਏਕਸ ਨੋਇਲ ਦਾ ਅਰਥ ਹੈ 'ਕ੍ਰਿਸਮਿਸ ਮੁਬਾਰਕ।' ਇਹ ਆਲਮ ਦੀਆਂ ਬਿਹਤਰੀਨ ਜੰਗ-ਵਿਰੋਧੀ ਫ਼ਿਲਮਾਂ 'ਚੋਂ ਇੱਕ ਹੈ ਜੋ ਪਹਿਲੀ ਆਲਮੀ ਜੰਗ ਬਾਬਤ ਹੈ। ਇਹ ਫ਼ਿਲਮ ਸੱਚੀ ਘਟਨਾ 'ਤੇ ਆਧਾਰਿਤ ਹੈ ਜਿਸਦੇ ਪਾਤਰ ਅੰਗਰੇਜ਼ੀ, ਜਰਮਨ ਅਤੇ ਫਰੈਂਚ ਬੋਲਦੇ ਹਨ। ਫ਼ਿਲਮ ਦੇ ਸ਼ੁਰੂ ਵਿੱਚ ਸਕੂਲੀ ਬੱਚਿਆਂ ਨੂੰ ਦੂਜੇ ਮੁਲਕਾਂ ਨਾਲ ਨਫ਼ਰਤ ਕਰਨ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਦੁਸ਼ਮਣ ਮੁਲਕ ਦੀਆਂ ਔਰਤਾਂ ਅਤੇ ਬੱਚਿਆ ਤੱਕ ਨੂੰ ਖ਼ਤਮ ਕਰਨ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਕਿ ਦੁਸ਼ਮਣ ਮੁੜ ਸਿਰ ਨਾ ਚੁੱਕ ਸਕੇ। ਇਸੇ ਕੜੀ 'ਚ ਗੁਜਰਾਤ ਕਤਲੇਆਮ ਵੇਲੇ ਹੋਈ ਹਿੰਸਾ ਨੂੰ ਜੋੜ ਕੇ ਦੇਖਣਾ ਚਾਹੀਦਾ ਹੈ। ਮੁਸਲਮਾਨਾਂ ਦੇ ਕਤਲ, ਔਰਤਾਂ ਨਾਲ ਬਲਾਤਕਾਰ, ਘਰ ਜਾਲਣ ਦੇ ਨਾਲ ਨਾਲ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਉਹ ਲੰਬਾ ਸਮਾਂ ਮੁੜ-ਬਹਾਲੀ ਦੇ ਸੰਘਰਸ਼ 'ਚ ਲੱਗੇ ਰਹਿਣ। ਹਿੰਦੂ ਬੁਨਿਆਦਪ੍ਰਸਤ ਅੱਜ ਵੀ ਇੱਕ ਪੂਰੀ ਨਸਲ ਨੂੰ ਖ਼ਤਮ ਕਰਨ ਦੇ ਦਮਗੱਜੇ ਮਾਰ ਰਹੇ ਹਨ।  ਸਕੂਲ ਦੇ ਦ੍ਰਿਸ਼ ਤੋਂ ਬਾਅਦ ਦੂਰ ਤੱਕ ਫੈਲੀਆਂ ਸ਼ਾਂਤ ਵਾਦੀਆਂ, ਪਹਾੜਾਂ, ਪਾਣੀ ਦੇ ਸੋਮਿਆਂ, ਚਰਾਗਾਹਾਂ ਅਤੇ ਸਦੀਆਂ ਤੋਂ ਲੋਕਾਂ ਦੀਆਂ ਪੈੜ੍ਹਾਂ ਨਾਲ ਬਣੀਆਂ ਪਗਡੰਡੀਆਂ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਇਨ੍ਹਾਂ ਹੀ ਰਾਹਾਂ 'ਤੇ ਸਕਾਟਲੈਂਡ ਦਾ ਮੁੰਡਾ ਸਾਈਕਲ ਭਜਾਈ ਜਾ ਰਿਹਾ ਹੈ ਜੋ ਜੰਗ ਦੀ ਭਿਆਨਕਤਾ ਤੋਂ ਬੇਖ਼ਬਰ ਜੰਗ ਦੇ ਸ਼ੁਰੂ ਹੋਣ ਦੀ ਖ਼ੁਸ਼ੀ 'ਚ ਖੀਵਾ ਹੋਇਆ ਹੈ। ਉਹ ਫ਼ੌਜ 'ਚ ਭਰਤੀ ਹੋਣ ਜਾ ਰਿਹਾ ਹੈ। ਸ਼ਾਇਦ ਉਹ ਨਹੀਂ ਜਾਣਦਾ ਕਿ ਇਸ ਕੁਦਰਤ ਅਤੇ ਉਸਦੇ ਜੀਆਂ ਨੇ ਜੰਗ ਦੀਆਂ ਬੇਕਿਰਕ ਲਾਟਾਂ 'ਚ ਝੁਲਸਣਾ ਹੈ। ਇਧਰ ਜਰਮਨ 'ਚ ਚਲਦੇ ਨਾਟਕ ਦੌਰਾਨ ਫ਼ੌਜੀ ਅਫ਼ਸਰ ਜੰਗ ਸ਼ੁਰੂ ਹੋਣ ਦਾ ਐਲਾਨ ਕਰਦਾ ਹੈ। ਉਹ ਨਾਟ-ਕਲਾਕਾਰਾਂ ਅਤੇ ਦਰਸ਼ਕਾਂ ਨੂੰ ਫ਼ੌਜ 'ਚ ਭਰਤੀ ਹੋਣ ਦਾ ਹੁਕਮ ਸੁਣਾਉਂਦਾ ਹੈ। ਨਾਟਕ ਦਾ ਮੁੱਖ ਅਦਾਕਾਰ/ਗਾਇਕ ਆਪਣੀ ਪ੍ਰੇਮਿਕਾ (ਜੋ ਖ਼ੁਦ ਅਦਾਕਾਰਾ/ਗਾਇਕ ਹੈ) ਨੂੰ ਛੱਡ ਕੇ ਜੰਗੀ ਮੋਰਚੇ 'ਤੇ ਚਲਿਆ ਜਾਂਦਾ ਹੈ। ਉਸੇ ਜੰਗੀ ਮੋਰਚੇ 'ਤੇ ਡਟਿਆ ਫ਼ਰਾਂਸੀਸੀ ਅਫ਼ਸਰ ਪਰਿਵਾਰ ਨੂੰ ਯਾਦ ਕਰ ਰਿਹਾ ਹੈ। ਅਗਲੇ ਹੀ ਪਲ ਉਸਨੇ ਅਪਣੀ ਪਲਟਣ ਸਮੇਤ 'ਦੁਸ਼ਮਣ' ਨਾਲ ਭਿੜਨਾ ਹੈ। ਲੜਨ ਤੋਂ ਪਹਿਲਾਂ ਦਿੱਤੇ ਭਾਸ਼ਣ ਵਿੱਚ ਉਹ ਕਹਿ ਰਿਹਾ ਹੈ ਕਿ ਅਸੀਂ ਕ੍ਰਿਸਮਿਸ ਜ਼ਰੂਰ ਦੇਖਾਂਗੇ। ਇਹ ਭਾਸ਼ਣ ਦਲ ਦੇ ਸਿਪਾਹੀਆਂ ਲਈ ਬੇਮਾਅਨਾ ਹੈ। ਉਹ ਜਾਣਦੇ ਹਨ ਕਿ ਲੜਾਈ ਦਾ ਮਤਲਬ ਮਰਨਾ ਜਾਂ ਮਾਰਨਾ ਹੈ ਅਤੇ ਵਾਰੀ ਕਿਸੇ ਦੀ ਵੀ ਆ ਸਕਦੀ ਹੈ। ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਦੇ ਪਲਾਂ ਦਾ ਫ਼ਿਲਮਾਂਕਣ ਏਨਾ ਮਾਰਮਕ ਹੈ ਕਿ ਦਰਸ਼ਕ ਦਾ ਸਾਹ ਕੱਢ ਦਿੰਦਾ ਹੈ। ਇਹ ਦ੍ਰਿਸ਼ ਦਿਖਾਉਂਦੇ ਹਨ ਕਿ ਲੜਨ ਵਾਲਿਆਂ ਉੱਤੇ ਜੰਗ ਕਿਵੇਂ ਥੋਪੀ ਜਾਂਦੀ ਹੈ। ਜਰਮਨ, ਫ਼ਰਾਂਸ ਅਤੇ ਸਕੌਟਿਸ਼ ਫ਼ੌਜੀ ਘਮਾਸਾਨ ਜੰਗ ਦੇ ਇਸ ਮੋਰਚੇ 'ਤੇ ਆਹਮੋ-ਸਾਹਮਣੇ ਲੜ ਰਹੇ ਹਨ। ਜੰਗ ਦੀ ਖ਼ੁਸ਼ੀ 'ਚ ਖੀਵੇ ਹੋਏ ਸਕੌਟਿਸ਼ ਮੁੰਡੇ ਨੂੰ ਛੇਤੀ ਹੀ ਹਾਲਾਤ ਦੀ ਭਿਆਨਕਤਾ ਦਾ ਅਹਿਸਾਸ ਹੋ ਜਾਂਦਾ ਹੈ।

ਜੰਗ ਹਰ ਅਹਿਸਾਸ ਨੂੰ ਖ਼ਤਰਨਾਕ ਮੰਨਦੀ ਹੈ। ਜਰਮਨ ਅਫ਼ਸਰ ਅਦਾਕਾਰ ਤੋਂ ਫ਼ੌਜੀ ਬਣੇ ਪਾਤਰ ਨੂੰ ਕਹਿੰਦਾ ਹੈ ਕਿ ਕਲਾਕਾਰ ਦੀ ਔਕਾਤ ਮੀਲ ਪੱਥਰ ਤੋਂ ਵਧੇਰੇ ਕੁਝ ਨਹੀਂ ਹੁੰਦੀ। ਉਹ ਮੁਰਦੇ ਦੇ ਭਾਰ ਵਰਗੀ ਸ਼ੈਅ ਹਨ। ਇਸ ਕਰਕੇ ਉਹ ਕਲਾਕਾਰਾਂ ਦੇ ਫ਼ੌਜੀ ਬਣਨ ਨੂੰ ਚੰਗਾ ਨਹੀਂ ਸਮਝਦਾ। ਅਦਾਕਾਰ ਫ਼ੌਜੀ ਦੀ ਪ੍ਰੇਮਿਕਾ ਮੋਰਚੇ ਦੇ ਨੇੜੇ ਤਾਇਨਾਤ ਜਰਮਨ ਅਫ਼ਸਰਾਂ ਨੂੰ ਕ੍ਰਿਸਮਿਸ ਪਾਰਟੀ ਮਨਾਉਣ ਲਈ ਤਿਆਰ ਕਰ ਲੈਂਦੀ ਹੈ। ਜਿੱਥੇ ਉਹ ਗੀਤ ਗਾਵੇਗੀ। ਉਹ ਪ੍ਰੇਮੀ ਨੂੰ ਇੱਕ ਦਿਨ ਦੀ ਛੁੱਟੀ ਦਿਵਾਉਣ 'ਚ ਕਾਮਯਾਬ ਹੋ ਜਾਂਦੀ ਹੈ ਤਾਂ ਕਿ ਉਹ ਵੀ ਪਾਰਟੀ ਵਿੱਚ ਨਾਲ ਗਾ ਸਕੇ। ਦੋਵੇਂ ਪ੍ਰੇਮੀ ਪੰਜ ਸਾਲ ਬਾਅਦ ਮਿਲੇ ਹਨ। ਜੰਗ ਦੇ ਪੰਜ ਸਾਲਾਂ ਦੌਰਾਨ ਕਲਾਕਾਰ ਦੀ ਮਾਨਸਿਕਤਾ ਕਿਨ੍ਹਾਂ ਪੱਥਰਾਂ ਨਾਲ ਟਕਰਾਈ ਹੋਵੇਗੀ। ਇਸ ਗੱਲ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਸ ਤੋਂ ਗਾਇਆ ਨਹੀਂ ਜਾ ਰਿਹਾ। ਪ੍ਰੇਮਿਕਾ ਦੀ ਅਪਣਤ ਅਤੇ ਉਸਦਾ ਪਿਆਰ-ਗੀਤ ਕਲਾਕਾਰ ਨੂੰ ਦੁਬਾਰਾ ਖੜਾ ਕਰਦਾ ਹੈ। ਉਹ ਫ਼ੈਸਲਾ ਕਰਦਾ ਹੈ ਕਿ ਵਾਪਸ ਮੋਰਚੇ 'ਤੇ ਜਾਕੇ ਅਪਣੇ ਸਾਥੀਆਂ ਦੀ ਕ੍ਰਿਸਮਿਸ ਰਾਤ ਨੂੰ ਯਾਦਗਾਰੀ ਬਣਾਏਗਾ। ਉਨ੍ਹਾਂ ਜੀਆਂ ਨੂੰ ਵੀ ਗੀਤਾਂ ਦੀ ਲੋੜ ਹੈ। ਪ੍ਰੇਮਿਕਾ ਜੰਗੀ ਖ਼ਤਰੇ ਦੇ ਬਾਵਜੂਦ ਨਾਲ ਜਾਣ ਦੀ ਜਿੱਦ ਪੁਗਾ ਲੈਂਦੀ ਹੈ। 

ਇਧਰ ਫ਼ਰਾਂਸੀਸੀਆਂ ਨੂੰ ਕ੍ਰਿਸਮਿਸ ਦੀ ਰਾਤ ਨੂੰ ਜਰਮਨਾਂ 'ਤੇ ਹਮਲਾ ਕਰਨ ਦਾ ਹੁਕਮ ਮਿਲਦਾ ਹੈ। ਫ਼ੌਜੀਆਂ ਦਾ ਕਹਿਣਾ ਹੈ ਕਿ ਘੱਟੋ-ਘੱਟ ਅੱਜ ਦੀ ਰਾਤ ਤਾਂ ਚੈਨ ਨਾਲ ਬਿਤਾਉਣ ਦਿੱਤੀ ਜਾਵੇ ਪਰ ਹੁਕਮ ਤਾਂ ਹੁਕਮ ਹੈ। ਇੱਕ ਫ਼ੌਜੀ ਦੀ ਡਿਊਟੀ ਲਗਦੀ ਹੈ ਕਿ ਉਹ ਜਰਮਨਾਂ ਦੀ ਖਾਈ ਦੇ ਨੇੜੇ ਜਾਕੇ ਪੂਰੀ ਜਾਣਕਾਰੀ ਲਵੇਗਾ ਅਤੇ ਮੌਕਾ ਮਿਲਦੇ ਹੀ ਹਮਲਾ ਕੀਤਾ ਜਾਵੇਗਾ। ਸਕੌਟਿਸ਼ ਫ਼ੌਜੀਆਂ 'ਚ ਇੱਕ ਅਮਨਪਸੰਦ ਪਾਦਰੀ ਹੈ ਜੋ ਜ਼ਖ਼ਮੀਆਂ ਦੇ ਇਲਾਜ ਲਈ ਆਇਆ ਹੈ। ਸੰਭਾਵੀ ਹਮਲੇ ਤੋਂ ਅਣਜਾਣ ਇਹ ਪਾਦਰੀ ਕ੍ਰਿਸਮਿਸ ਦੀ ਖ਼ੁਸ਼ੀ 'ਚ ਆਪਣਾ ਰਵਾਇਤੀ ਸਾਜ਼ 'ਬੀਨ-ਬਾਜਾ' ਵਜਾਉਣਾ ਸ਼ੁਰੂ ਕਰਦਾ ਹੈ। ਕੁਝ ਹੋਰ ਫ਼ੌਜੀ ਵੀ ਸਾਜ਼ ਚੁੱਕ ਲੈਂਦੇ ਹਨ। ਬਾਕੀ ਗਾਉਣਾ ਸ਼ੁਰੂ ਕਰ ਦਿੰਦੇ ਹਨ। ਲੋਰ 'ਚ ਗੀਤ-ਸੰਗੀਤ ਹੋਰ ਉੱਚਾ ਹੁੰਦਾ ਹੈ। ਇਧਰ ਅਦਾਕਾਰ ਫ਼ੌਜੀ ਅਤੇ ਉਸਦੀ ਪ੍ਰੇਮਿਕਾ ਵੀ ਜਰਮਨ ਮੋਰਚੇ 'ਤੇ ਆ ਪਹੁੰਚਦੇ ਹਨ ਅਤੇ ਗੀਤ ਗਾਉਣ ਦੀ ਪੇਸ਼ਕਸ਼ ਰੱਖਦੇ ਹਨ। ਮਾਮੂਲੀ ਤਕਰਾਰ ਤੋਂ ਬਾਅਦ ਵੱਡਾ ਜਰਮਨ ਅਫ਼ਸਰ ਮੰਨ ਜਾਂਦਾ ਹੈ। ਜਰਮਨ ਫ਼ੌਜੀ ਕ੍ਰਿਸਮਿਸ-ਰੁੱਖ ਬੰਕਰਾਂ ਦੇ ਉੱਪਰ ਰੱਖ ਦਿੰਦੇ ਹਨ। ਸੂਹ ਲੈਣ ਆਇਆ ਫ਼ਰਾਂਸੀਸੀ ਫ਼ੌਜੀ ਦੁਚਿੱਤੀ 'ਚ ਪੈ ਜਾਂਦਾ ਹੈ। ਅਦਾਕਾਰ ਫ਼ੌਜੀ ਗਾਉਣਾ ਸ਼ੁਰੂ ਕਰਦਾ ਹੈ। ਇੱਕ ਜਣਾ ਮਾਊਥ ਹੌਰਨ ਵਜਾ ਰਿਹਾ ਹੈ। ਗਾਇਕ ਦੀ ਆਵਾਜ਼ 'ਦੁਸ਼ਮਣਾਂ' ਉੱਤੇ ਵੀ ਜਾਦੂਈ ਅਸਰ ਕਰਦੀ ਹੈ। ਸਕੌਟਿਸ਼ ਫ਼ੌਜੀ ਜਰਮਨ ਗੀਤ ਦੇ ਨਾਲ ਬੀਨ ਬਾਜਾ ਵਜਾਉਣਾ ਸ਼ੂਰੂ ਕਰ ਦਿੰਦਾ ਹੈ। ਅਦਾਕਾਰ ਫ਼ੌਜੀ ਬਾਜੇ ਦੇ ਨਾਲ ਸੁਰ ਮੇਲਣ ਲੱਗਦਾ ਹੈ। ਉਹ ਬੇਖ਼ੌਫ਼ ਬੰਕਰ ਦੇ ਉੱਤੇ ਚੜਕੇ ਹੋਰ ਉੱਚੀ ਗਾਉਂਦਾ ਹੈ। ਇੱਥੇ ਆਸਾਨੀ ਨਾਲ ਉਸਦੇ ਗੋਲੀ ਮਾਰੀ ਜਾ ਸਕਦੀ ਹੈ। ਫ਼ਰਾਂਸੀਸੀ ਅਫ਼ਸਰ ਨਾਲ ਦੇ ਨੂੰ ਗੋਲੀ ਮਾਰਨ ਤੋਂ ਰੋਕ ਦਿੰਦਾ ਹੈ। ਵੱਡਾ ਜਰਮਨ ਅਫ਼ਸਰ ਗੁੱਸੇ 'ਚ ਅਦਾਕਾਰ ਨੂੰ ਹੇਠਾਂ ਆਉਣ ਦਾ ਹੁਕਮ ਦਿੰਦਾ ਹੈ। ਅਚਾਨਕ ਤਾੜੀਆਂ ਦੀ ਆਵਾਜ਼ ਆਉਂਦੀ ਹੈ। ਸਾਰੇ ਸਕੌਟਿਸ਼ ਫ਼ੌਜੀ ਬੰਕਰ ਤੋਂ ਬਾਹਰ ਬੈਠੇ ਗੀਤ 'ਤੇ ਤਾੜੀਆਂ ਮਾਰ ਰਹੇ ਹਨ। ਚਾਰੇ ਪਾਸੇ ਚੁੱਪ ਪਸਰ ਜਾਂਦੀ ਹੈ। ਇਸ ਚੁੱਪ ਨੂੰ ਸਕੌਟਿਸ਼ ਫ਼ੌਜੀ ਦੇ ਬੀਨ ਬਾਜੇ ਦੀ ਕੀਲਣ ਵਾਲੀ ਆਵਾਜ਼ ਤੋੜਦੀ ਹੈ ਜੋ ਬੰਕਰ 'ਤੇ ਖੜਾ ਬਾਜਾ ਵਜਾਉਣਾ ਸ਼ੁਰੂ ਕਰਦਾ ਹੈ। ਜਰਮਨ ਦਾ ਗੀਤ ਵੀ ਸ਼ੁਰੂ ਹੋ ਜਾਂਦਾ ਹੈ। ਅਦਾਕਾਰ ਹੋਰ ਜ਼ੋਰ ਨਾਲ ਗਾਉਣ ਲਗਦਾ ਹੈ ਅਤੇ ਸਕੌਟਿਸ਼ ਫ਼ੌਜੀਆਂ ਦੇ ਬੰਕਰ ਨੇੜੇ ਪਹੁੰਚ ਜਾਂਦਾ ਹੈ। ਗੀਤ ਖ਼ਤਮ ਹੋਣ 'ਤੇ ਉਹ ਵੱਡੇ ਜਰਮਨ ਅਫ਼ਸਰ ਨੂੰ ਕਹਿੰਦਾ ਹੈ ਕਿ ਅਜਿਹਾ ਸਵਾਦ ਤਾਂ ਬਰਲਿਨ ਉਪੇਰਾ 'ਚ ਗਾ ਕੇ ਵੀ ਕਦੇ ਨਹੀਂ ਆਇਆ। ਤਿੰਨੇ ਫ਼ੌਜਾਂ ਦੇ ਵੱਡੇ ਅਫ਼ਸਰ ਫ਼ੈਸਲਾ ਕਰਦੇ ਹਨ ਕਿ ਅੱਜ ਦੀ ਰਾਤ ਗੋਲੀਬੰਦੀ ਰਹੇਗੀ ਕਿਉਂਕਿ ਇੱਕ ਰਾਤ ਨਾਲ ਜੰਗ ਦਾ ਫ਼ੈਸਲਾ ਨਹੀਂ ਹੋਣ ਲੱਗਿਆ। ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਹੁਣ ਇਕੱਠੇ ਹੋਕੇ ਕ੍ਰਿਸਮਿਸ ਦਾ ਜਸ਼ਨ ਮਨਾ ਰਹੇ ਹਨ। ਜੰਗ ਨੂੰ ਭੁੱਲਕੇ ਸਭ ਸਾਂਝਾਂ ਵੰਡਦੇ ਹਨ। ਭੋਜਨ, ਸ਼ਰਾਬ, ਜਾਨਵਰ, ਖੋਈਆਂ ਤਸਵੀਰਾਂ ਅਤੇ ਸਿਰਨਾਵਿਆਂ ਦਾ ਵਟਾਂਦਰਾ ਹੁੰਦਾ ਹੈ। ਇੱਕ ਰਾਤ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੰਦੀ ਹੈ। ਹੁਣ ਸਾਹਮਣੇ ਖੜਾ ਜਣਾ ਦੁਸ਼ਮਣ ਨਹੀਂ ਸਗੋਂ ਮਨੁੱਖ ਦੇ ਰੂਪ 'ਚ ਦਿਸਦਾ ਹੈ। ਜਸ਼ਨ ਖ਼ਤਮ ਹੋਣ ਤੋਂ ਬਾਅਦ ਵੀ ਸਾਰੇ ਹੁਲਾਰ 'ਚ ਹਨ। ਸਕੌਟਿਸ਼ ਫ਼ੌਜੀ ਦਾ ਮੰਨਣਾ ਹੈ ਕਿ ਇਹ ਸਭ ਇਸ ਕਰਕੇ ਹੈ ਕਿਉਂਕਿ ਉਹ ਜੰਗ ਨੂੰ ਭੁੱਲ ਗਏ ਸਨ। ਨਾਲ ਦਾ ਕਹਿੰਦਾ ਹੈ, "... ਪਰ ਜੰਗ ਸਾਨੂੰ ਨਹੀਂ ਭੁੱਲਦੀ।" 

ਚੜਦੀ ਸਵੇਰ ਨੂੰ ਤਣਾਅ ਦੇ ਬਾਵਜੂਦ ਤਿੰਨੇ ਅਫ਼ਸਰ ਕੌਫ਼ੀ ਸਾਂਝੀ ਕਰਦੇ ਹਨ ਅਤੇ ਮੁਰਦਾ ਫ਼ੌਜੀਆਂ ਨੂੰ ਦਫ਼ਨਾਉਣ ਦੀ ਆਗਿਆ ਦਿੰਦੇ ਹਨ। ਰਲ ਕੇ ਫੁੱਟਬਾਲ ਮੈਚ ਅਤੇ ਤਾਸ਼ ਖੇਡੀ ਜਾਂਦੀ ਹੈ। ਜਰਮਨ ਅਫ਼ਸਰ 'ਦੁਸ਼ਮਣਾਂ' ਨੂੰ ਜਰਮਨ ਬੰਬਾਰੀ ਤੋਂ ਬਚਾਉਣ ਲਈ ਆਪਣੇ ਬੰਕਰ 'ਚ ਪਨਾਹ ਦਿੰਦਾ ਹੈ। ਫ਼ਰਾਂਸੀਸੀ ਅਫ਼ਸਰ ਦੀ ਗਰਭਵਤੀ ਘਰਵਾਲੀ ਤੱਕ ਚਿੱਠੀ ਪੁਚਾਉਣ 'ਚ ਮਦਦ ਕਰਦਾ ਹੈ। ਜਵਾਬੀ ਹਮਲੇ 'ਚ ਜਰਮਨਾਂ ਨੂੰ ਬਚਾਉਣ ਲਈ ਫ਼ਰਾਂਸੀਸੀ ਅਤੇ ਸਕੌਟਿਸ਼ ਉਨ੍ਹਾਂ ਨੂੰ ਆਪਣੇ ਬੰਕਰਾਂ 'ਚ ਪਨਾਹ ਦਿੰਦੇ ਹਨ। ਵਾਅਦਾ ਕਰਦੇ ਹਨ ਕਿ ਉਹ ਅਗਲੀ ਵਾਰ ਇੱਕ ਦੂਜੇ ਦੇ ਮੁਲਕਾਂ 'ਚ ਮਹਿਮਾਨ ਬਣਕੇ ਜਾਣਗੇ ਨਾ ਕਿ ਹਮਲਾਵਰ। ਸੰਗੀਤ ਨਾਲ ਇੱਕ ਦੂਜੇ ਨੂੰ ਵਿਦਾਇਗੀ ਦਿੰਦੇ ਹਨ। ਘਰਾਂ ਨੂੰ ਭੇਜੀਆਂ ਚਿੱਠੀਆਂ ਨਾਲ ਛੇਤੀ ਹੀ ਸਭ ਦਾ ਭੇਦ ਖੁੱਲ੍ਹ ਜਾਂਦਾ ਹੈ। ਸਭ ਤੋਂ ਪਹਿਲੀ ਪੇਸ਼ੀ ਅਮਨਪਸੰਦ ਸਕੌਟਿਸ਼ ਪਾਦਰੀ ਦੀ ਹੁੰਦੀ ਹੈ। ਚਰਚ ਦਾ ਮੁਖੀ ਉਸਦੀ ਲਾਹ-ਪਾਹ ਕਰਦਾ ਹੈ ਅਤੇ ਚਰਚ 'ਚੋਂ ਕੱਢ ਦਿੰਦਾ ਹੈ। ਚਰਚ ਮੁਖੀ ਦਾ ਕਹਿਣਾ ਹੈ ਕਿ ਉਸਨੇ ਦੁਸ਼ਮਣਾਂ ਨਾਲ ਸਾਂਝ ਭਿਆਲੀ ਪਾ ਕੇ ਰੱਬ ਦੇ ਖ਼ਿਲਾਫ਼ ਜੁਰਮ ਕੀਤਾ ਹੈ। ਚਰਚ-ਮੁਖੀ ਜੰਗ 'ਤੇ ਜਾਣ ਵਾਲੇ ਨਵੇਂ ਰੰਗਰੂਟਾਂ ਨੂੰ ਧਾਰਮਿਕ ਵਿਖਿਆਨ ਦੇਣ ਆਇਆ ਹੈ। ਉਸ ਦਾ ਵਿਖਿਆਨ ਚਰਚ ਅਤੇ ਹੁਕਮਰਾਨਾਂ ਦੇ ਨਾਪਾਕ ਰਿਸ਼ਤੇ ਦੀ ਅਸਲੀਅਤ ਦਰਸਾਉਂਦਾ ਹੈ। ਦੋਵੇਂ ਹੱਦ ਦਰਜੇ ਦੇ ਮਨੁੱਖਤਾ ਵਿਰੋਧੀ ਹਨ। ਉਹ ਕਹਿੰਦਾ ਹੈ, "ਸੰਤ ਮੈਥਿਊ ਦੇ ਗੋਸਪਲ ਮੁਤਾਬਕ, ਈਸਾ ਮਸੀਹ ਨੇ ਕਿਹਾ ਸੀ ਕਿ ਮੈਂ ਧਰਤੀ 'ਤੇ ਅਮਨ ਲਈ ਨਹੀਂ ਆਇਆ। ਮੈਂ ਤਲਵਾਰ ਲੈ ਕੇ ਆਇਆਂ ਹਾਂ। ਭਰਾਵੋ, ਰੱਬ ਦੀ ਤਲਵਾਰ ਹੁਣ ਥੋਡੇ ਹੱਥ 'ਚ ਹੈ। ਹੁਣ ਤੁਸੀਂ ਸੱਭਿਅਤਾ ਦੇ ਰਾਖੇ ਹੋ। ਤੁਸੀ ਬਦੀ ਦੇ ਵਿਰੁਧ ਨੇਕੀ ਦੀ ਤਾਕਤ ਹੋ। ਇਹ ਜੰਗ ਆਲਮੀ ਆਜ਼ਾਦੀ ਦੀ ਰੱਖਿਆ ਲਈ ਪਵਿੱਤਰ ਧਰਮ-ਯੁੱਧ ਹੈ। ਸੱਚੀ ਗੱਲ ਇਹ ਹੈ ਕਿ ਨਾ ਤਾਂ ਜਰਮਨ ਸਾਡੇ ਵਾਂਗੂ ਰੱਬ ਦੇ ਬੱਚੇ ਹਨ ਅਤੇ ਨਾ ਹੀ ਸਾਡੇ ਵਾਂਗੂ ਸੋਚਦੇ ਹਨ। ਉਨ੍ਹਾਂ ਦੇ ਸ਼ਹਿਰਾਂ 'ਚ ਭਰੀਆਂ ਭੀੜਾਂ ਨੂੰ ਰੱਬ ਦੇ ਬੱਚੇ ਨਹੀਂ ਕਿਹਾ ਜਾ ਸਕਦਾ। ਉਹ ਹਥਿਆਰਾਂ ਨਾਲ ਲੈੱਸ ਹੋ ਕੇ ਔਰਤਾਂ ਅਤੇ ਬੱਚਿਆਂ ਦੀ ਢਾਲ ਪਿੱਛੇ ਲੁਕੇ ਹੋਏ ਹਨ। ਉਹ ਰੱਬ ਦੇ ਬੱਚੇ ਨਹੀਂ ਹਨ। ਰੱਬ ਦੀ ਕਿਰਪਾ ਨਾਲ ਤੁਹਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਹਰ ਜਰਮਨ ਨੂੰ ਖ਼ਤਮ ਕਰ ਦਿਓ ਚਾਹੇ ਉਹ ਚੰਗੇ, ਮੰਦੇ, ਜਵਾਨ, ਬੁੱਢੇ ਅਤੇ ਬੱਚੇ ਜੋ ਮਰਜ਼ੀ ਹੋਣ ਤਾਂ ਕਿ ਉਹ ਮੁੜ ਕਦੇ ਸਿਰ ਨਾ ਚੁੱਕ ਸਕਣ। ਰੱਬ ਥੋਡੇ ਨਾਲ ਹੈ।"

ਵਿਖਿਆਨ ਖ਼ਤਮ ਹੋਣ 'ਤੇ ਅਮਨਪਸੰਦ ਪਾਦਰੀ ਗਲ੍ਹ 'ਚੋਂ ਸਲੀਬ ਲਾਹ ਕੇ ਡੰਡੇ 'ਤੇ ਟੰਗ ਜਾਂਦਾ ਹੈ। ਸ਼ਾਇਦ ਇਹੀ ਉਸਦੀ ਨਾਬਰੀ ਦਾ ਪ੍ਰਗਟਾਵਾ ਹੈ। ਤਿੰਨੇ ਪਲਟਣਾਂ ਨੂੰ ਮੋਰਚੇ ਤੋਂ ਹਟਾਕੇ ਦੂਰ ਭੇਜਿਆ ਜਾ ਰਿਹਾ ਹੈ। ਜਾਬਤੇ ਦੀ ਉਲੰਘਣਾ ਦੀ ਸਜ਼ਾ ਤੋਂ ਉਨ੍ਹਾਂ ਨੂੰ ਇੱਕ ਹੀ ਚੀਜ਼ ਬਚਾ ਰਹੀ ਹੈ ਕਿ ਫ਼ੌਜੀਆਂ ਦੀ ਏਡੀ ਵੱਡੀ ਗਿਣਤੀ ਨੂੰੰ ਗੋਲੀਆਂ ਨਾਲ ਨਹੀਂ ਉਡਾਇਆ ਜਾ ਸਕਦਾ। ਉਹ ਵੀ ਘਮਾਸਾਨ ਜੰਗ ਦੀ ਹਾਲਤ ਵਿੱਚ ਜਿੱਥੇ ਨਫ਼ਰੀ ਪਹਿਲਾਂ ਹੀ ਘੱਟ ਹੈ। 

ਨਾਜ਼ਿਮ ਹਿਕਮਤ
ਫ਼ਿਲਮ ਦੇ ਆਖ਼ਰੀ ਦ੍ਰਿਸ਼ 'ਚ ਅਮਨ ਦੀ ਤਾਂਘ ਰੱਖਣ ਵਾਲੇ ਜਰਮਨ ਫ਼ੌਜੀਆਂ ਨੂੰ ਕਿਸੇ ਹੋਰ ਮੋਰਚੇ 'ਤੇ ਭੇਜਿਆ ਜਾ ਰਿਹਾ ਹੈ। ਵੱਡਾ ਅਫ਼ਸਰ, ਜਰਮਨ ਸਿਪਾਹੀ ਦਾ ਮੂੰਹ ਨਾਲ ਵਜਾਉਣ ਵਾਲਾ ਵਾਜਾ ਖੋਹ ਕੇ ਤੋੜ ਦਿੰਦਾ ਹੈ। ਸਿਪਾਹੀ ਗੁਣਗੁਣਾਉਣਾ ਸ਼ੁਰੂ ਕਰਦਾ ਹੈ। ਨਾਲ ਹੀ ਬਾਕੀ ਵੀ ਆਵਾਜ਼ ਮਿਲਾਉਂਦੇ ਹਨ। ਧੁਨ ਉੱਚੀ ਹੋ ਰਹੀ ਹੈ। ਸਿਪਾਹੀ ਜੰਗ ਦੇ ਖ਼ਿਲਾਫ਼ ਮਨੁੱਖੀ ਅਹਿਦ ਨੂੰ ਭੁੰਝੇ ਨਹੀਂ ਲੱਗਣ ਦਿੰਦੇ। ਗੀਤ ਉਨ੍ਹਾਂ ਦੀ ਤਾਕਤ ਹਨ ਜੋ ਉਨ੍ਹਾਂ ਤੋਂ ਕੋਈ ਨਹੀਂ ਖੋਹ ਸਕਦਾ। ਫ਼ਿਲਮ ਦਾ ਇਹ ਦ੍ਰਿਸ਼ ਦੇਖ ਕੇ ਤੁਰਕਸਤਾਨ ਦੇ ਆਲਮੀ ਕਵੀ ਨਾਜ਼ਿਮ ਹਿਕਮਤ ਦਾ ਚੇਤਾ ਆਉਂਦਾ ਹੈ। ਉਸਦੀ ਕੁਲ ਇਕਾਹਟ ਵਰ੍ਹਿਆਂ ਦੀ ਜ਼ਿੰਦਗੀ 'ਚੋਂ ਚਾਲ੍ਹੀ ਵਰ੍ਹੇ ਜੇਲ੍ਹਾਂ ਦੇ ਲੇਖੇ ਲੱਗ ਗਏ। ਉਸ ਦੇ ਗੀਤਾਂ ਅਤੇ ਰਚਨਾਵਾਂ ਉੱਤੇ ਬਗ਼ਾਵਤ ਭੜਕਾਉਣ ਦਾ ਦੋਸ਼ ਸੀ। ਉਸ ਉੱਤੇ ਮੁਕੱਦਮਾ ਜੰਗੀ ਜਹਾਜ਼ ਵਿੱਚ ਚਲਾਇਆ ਗਿਆ। ਸਜ਼ਾ ਸੁਣਾਉਣ ਸਮੇਂ ਨਾਜ਼ਿਮ ਨੂੰ ਗੋਡੇ ਗੋਡੇ ਗੰਦ 'ਚ ਖਲੋਣ ਲਈ ਮਜਬੂਰ ਕੀਤਾ ਗਿਆ। ਸਜ਼ਾ ਸੁਣਨ ਤੋਂ ਬਾਅਦ ਉਹ ਹੱਸਿਆ ਅਤੇ ਗਾਉਣਾ ਸ਼ੁਰੂ ਕਰ ਦਿੱਤਾ। ਉਸਦੀ ਆਵਾਜ਼ ਉੱਚੀ ਹੁੰਦੀ ਗਈ ਅਤੇ ਉਸਨੇ ਦੁਨੀਆਂ ਭਰ ਦੇ ਪਿਆਰ-ਗੀਤ ਗਾ ਛੱਡੇ।

Wednesday 7 August 2013

ਸਮਾਜਕ ਬੇਲਾਗਤਾ ਦੀ 'ਕਲਾ' ਬਨਾਮ ਕੌਮੀ ਸ਼ਰਮਸਾਰੀ

ਦਲਜੀਤ ਅਮੀ

ਦਿੱਲੀ ਦੇ 'ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ' ਵਿੱਚ ਹੁੰਦੀ ਸਰਗਰਮੀ ਵਿੱਚ ਮੀਡੀਆ ਦੀ ਲਗਾਤਾਰ ਦਿਲਚਸਪੀ ਰਹਿੰਦੀ ਹੈ। ਸਵਾ ਸੌ ਕਰੋੜ ਸ਼ਹਿਰੀਆਂ ਦੇ ਮੁਲਕ ਦੀ ਰਾਜਧਾਨੀ ਵਿੱਚ ਅਜਿਹਾ ਕਲਾ ਕੇਂਦਰ ਮੀਡੀਆ ਦੀ ਨਜ਼ਰ ਵਿੱਚ ਰਹਿੰਦਾ ਹੈ। ਪਤਵੰਤਿਆਂ ਦੀ ਹਾਜ਼ਰੀ ਵਿੱਚ ਇਸ ਕੇਂਦਰ ਵਿਖੇ ਕਲਾ ਪੇਸ਼ਕਾਰੀਆਂ ਅਤੇ ਨੁਮਾਇਸ਼ਾਂ ਹੁੰਦੀਆਂ ਹਨ। ਕਲਾਕਾਰਾਂ, ਕਲਾ ਰਸੀਆਂ, ਕਲਾ ਮਾਹਰਾਂ, ਕਲਾ ਪਾਰਖ਼ੂਆਂ, ਪੱਤਰਕਾਰਾਂ ਅਤੇ ਪੜਚੋਲੀਆਂ ਦੇ ਨਾਲ-ਨਾਲ ਅਹਿਲਕਾਰਾਂ ਤੋਂ ਲੈਕੇ ਮੰਤਰੀਆਂ-ਸੰਤਰੀਆਂ ਦੀ ਹਾਜ਼ਰੀ ਇਸ ਥਾਂ ਉੱਤੇ ਲੱਗਦੀ ਰਹਿੰਦੀ ਹੈ। ਇਸ ਥਾਂ ਤੋਂ ਕਲਾ ਜਗਤ ਦੀ ਸੁਹਜ ਅਤੇ ਸੂਝ ਦੀ ਥਾਹ ਪੈਂਦੀ ਹੈ। ਪਿਛਲੇ ਦਿਨੀਂ ਇਸ ਕੇਂਦਰ ਵਿੱਚੋਂ ਹੀ ਅਜਿਹੇ ਰੁਝਾਨ ਦੀ ਤਸਦੀਕ ਹੋਈ ਹੈ ਜੋ ਇਸੇ ਤਬਕੇ ਦੇ ਵਿਹਾਰ ਦੇ ਗ਼ੈਰ-ਮਨੁੱਖੀ ਪੱਖ ਨੂੰ ਉਘਾੜ ਕੇ ਪੇਸ਼ ਕਰਦਾ ਹੈ। ਇਸ ਕੇਂਦਰ ਵਿੱਚ 14 ਜੁਲਾਈ ਨੂੰ ਤਿੰਨ ਸਫ਼ਾਈ ਕਾਮੇ ਮਾਰੇ ਗਏ। ਇਹ ਸੀਵਰੇਜ਼ ਸਾਫ਼ ਕਰ ਰਹੇ ਸਨ। ਇਸ ਵਾਰਦਾਤ ਦੀ ਹੌਲਨਾਕ ਤਫ਼ਸੀਲ ਮੌਕੇ ਉੱਤੇ ਬਚ ਗਏ ਕਾਮੇ ਛੋਟੂ ਅਤੇ ਉਸ ਦੀ ਮਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। 

ਛੋਟੂ ਉਸ ਦਿਨ ਸਵੇਰੇ ਤਰਲੋਕਪੁਰੀ ਤੋਂ ਆਪਣੇ ਸਾਥੀਆਂ ਨਾਲ ਕੰਮ ਕਰਨ ਆਇਆ ਸੀ। ਇਨ੍ਹਾਂ ਦਿਹਾੜੀਦਾਰ ਕਾਮਿਆਂ ਨੂੰ ਦੱਸਿਆ ਗਿਆ ਸੀ ਕਿ ਪਾਣੀ ਵਾਲਾ ਟੈਂਕ ਸਾਫ਼ ਕਰਨਾ ਹੈ ਪਰ ਦਰਅਸਲ ਉਨ੍ਹਾਂ ਨੇ ਹੌਦੀਆਂ ਸਾਫ਼ ਕਰਨੀਆਂ ਸਨ। ਸਭ ਤੋਂ ਛੋਟਾ ਹੋਣ ਕਾਰਨ ਛੋਟੂ ਦੇ ਹਿੱਸੇ ਸਭ ਤੋਂ ਵੱਧ ਕੰਮ ਆਇਆ। ਉਨ੍ਹਾਂ ਨੇ ਸਵੇਰੇ ਸਾਢੇ ਅੱਠ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਪੰਜ ਹੌਦੀਆਂ ਸਾਫ਼ ਕੀਤੀਆਂ। ਛੇਵੀਂ ਹੌਦੀ ਵਿੱਚ ਉਤਰੇ ਛੋਟੂ ਨੂੰ ਗੈਸ ਚੜ੍ਹ ਗਈ ਅਤੇ ਉਹ ਬੇਹੋਸ਼ ਹੋ ਗਿਆ। ਉਪਰਲੇ ਕਾਮਿਆਂ ਨੇ ਉਸ ਨੂੰ ਬਾਹਰ ਖਿੱਚਿਆ ਅਤੇ ਇਸ ਖਿੱਚ ਧੂਹ ਦੇ ਦੌਰ ਵਿੱਚ ਗੈਸ ਚੜ੍ਹਨ ਕਾਰਨ ਅਸ਼ੋਕ, ਸਤੀਸ਼ ਅਤੇ ਰਾਜੇਸ਼ ਬੇਹੋਸ਼ ਹੋ ਗਏ। ਇਸ ਦੌਰਾਨ ਉਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਪਹੁੰਚਾਇਆ ਗਿਆ।  ਅਸ਼ੋਕ, ਸਤੀਸ਼ ਅਤੇ ਰਾਜੇਸ਼ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਅਤੇ ਛੋਟੂ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ ਗਿਆ। ਜਦੋਂ ਛੋਟੂ ਦੀ ਮਾਂ ਹਸਪਤਾਲ ਵਿੱਚ ਪਹੁੰਚੀ ਤਾਂ ਉਹ ਗੰਦ ਵਿੱਚ ਲਿਬੜਿਆ ਬੇਹੋਸ਼ ਪਿਆ ਸੀ। ਉਸ ਨੂੰ 15 ਜੁਲਾਈ ਦੀ ਸਵੇਰ ਨੂੰ ਹੋਸ਼ ਆਈ ਤਾਂ ਉਹ ਆਪਣੇ ਸਾਥੀਆਂ ਦਾ ਪਤਾ ਕਰਨ ਤੁਰ ਪਿਆ। ਜਦੋਂ ਉਹ ਕੁਝ ਦੇਰ ਬਾਅਦ ਵਾਪਸ ਬਿਸਤਰੇ ਉੱਤੇ ਆਇਆ ਤਾਂ ਹਸਪਤਾਲ ਦੇ ਅਮਲੇ ਨੇ ਉਸ ਨੂੰ ਚਲੇ ਜਾਣ ਦਾ ਫਰਮਾਨ ਸੁਣਾ ਦਿੱਤਾ। ਡਾਕਟਰਾਂ ਨੇ ਉਸ ਨੂੰ ਇਲਾਜ ਜਾਂ ਹਸਪਤਾਲ ਦਾ ਕੋਈ ਕਾਗ਼ਜ਼ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਉਸ ਨੂੰ ਬਾਕੀ ਤਿੰਨਾਂ ਦੀ ਮੌਤ ਦਾ ਪਤਾ ਲੱਗਿਆ। ਦਿਨੇ 12 ਵਜੇ ਤਿੰਨੇ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਗਈਆਂ। ਉਨ੍ਹਾਂ ਨੂੰ ਬੇਪਛਾਣਾਂ ਵਜੋਂ ਕਾਗ਼ਜ਼ਾਂ ਵਿੱਚ ਦਰਜ ਕੀਤਾ ਗਿਆ ਅਤੇ ਘਰਵਾਲਿਆਂ ਦੀ ਕੋਈ ਗੱਲ ਨਹੀਂ ਸੁਣੀ ਗਈ। ਪੋਸਟ ਮਾਰਟਮ ਰਿਪੋਰਟ ਲੈਣ ਲਈ ਚਾਲੀ ਦਿਨ ਬਾਅਦ ਆਉਣ ਨੂੰ ਕਿਹਾ ਗਿਆ। ਉਨ੍ਹਾਂ ਨੂੰ ਜਾਰੀ ਕੀਤੇ ਗਏ ਮੌਤ ਦੇ ਪ੍ਰਮਾਣ ਪੱਤਰਾਂ ਵਿੱਚ ਕੋਈ ਕਾਰਨ ਦਰਜ ਨਹੀਂ ਕੀਤਾ ਗਿਆ। ਹਸਪਤਾਲ ਦੇ ਵਿਹਾਰ ਬਾਬਤ ਚਰਚਾ ਕਰਨ ਤੋਂ ਪਹਿਲਾਂ ਕੁਝ ਹੋਰ ਤੱਥ ਜਾਣ ਲੈਣੇ ਜ਼ਰੂਰੀ ਹਨ। 

'ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ' ਵਿੱਚ ਇਹ ਕੰਮ ਰਾਜੇਸ਼ ਦੀ ਨਿਗਰਾਨੀ ਵਿੱਚ ਹੋ ਰਿਹਾ ਸੀ। ਉਸ ਨੇ ਦੂਜੇ ਕਾਮਿਆਂ ਨੂੰ 300 ਰੁਪਏ ਦਿਹਾੜੀ ਦੇਣ ਦਾ ਵਾਅਦਾ ਕੀਤਾ ਸੀ। ਉਸ ਨੂੰ ਕਲਾ ਕੇਂਦਰ ਵਿੱਚ ਠੇਕਾ ਲੈਣ ਵਾਲੀ ਕਿਸੇ ਕੰਪਨੀ ਨੇ ਰੱਖਿਆ ਹੋਇਆ ਸੀ। ਉਸ ਕੰਪਨੀ ਨੇ ਦੋ ਹਫ਼ਤਿਆਂ ਬਾਅਦ ਤੱਕ ਰਾਜੇਸ਼ ਦੇ ਵਾਰਸਾਂ ਤੱਕ ਪਹੁੰਚ ਨਹੀਂ ਕੀਤੀ ਸੀ। ਕਲਾ ਕੇਂਦਰ ਦੇ ਕਿਸੇ ਨੁਮਾਇੰਦੇ ਨੇ ਹਾਲੇ ਤੱਕ ਇਸ ਬਾਬਤ ਕੋਈ ਬਿਆਨ ਨਹੀਂ ਦਿੱਤਾ। ਇਹ ਤਫ਼ਸੀਲਾਂ ਮਨੁੱਖੀ ਹਕੂਕ ਕਾਰਕੁਨ ਵਿਦਿਆ ਭੂਸ਼ਨ ਰਾਵਤ ਨੇ ਆਪਣੇ ਬਲੌਗ ਮਾਨੁਖੀ ਉੱਤੇ ਲਿਖੇ ਲੇਖ 'ਕਦਰਾਂ-ਕੀਮਤਾਂ ਦੀ ਮੌਤ' ਵਿੱਚ 26 ਜੁਲਾਈ ਨੂੰ ਦਰਜ ਕੀਤੀਆਂ। ਰਾਮ ਮਨੋਹਰ ਲੋਹੀਆ ਹਸਪਤਾਲ ਦਾ ਵਿਹਾਰ ਸਫ਼ਾਈ ਕਾਮਿਆਂ ਨਾਲ ਹੁੰਦੇ ਸਮਾਜਕ ਵਿਤਕਰੇ ਅਤੇ ਛੂਤ-ਛਾਤ ਦੀ ਗਵਾਹੀ ਭਰਦਾ ਹੈ। ਬਦਬੂਦਾਰ ਮਾਹੌਲ ਵਿੱਚ ਕੰਮ ਕਰਦੇ ਇਨ੍ਹਾਂ ਕਾਮਿਆਂ ਨੂੰ ਮਨੁੱਖ ਮੰਨਿਆ ਹੀ ਨਹੀਂ ਜਾਂਦਾ। ਇਹ ਹੋ ਸਕਦਾ ਹੈ ਕਿ ਜੇ ਡਾਕਟਰਾਂ ਜਾਂ ਹੋਰ ਅਮਲੇ ਨੂੰ ਭਿੱਟ ਨਾ ਚੜ੍ਹਦੀ ਤਾਂ ਬਾਕੀ ਤਿੰਨੇ ਵੀ ਜਿਉਂਦੇ ਹੁੰਦੇ। ਇਹ ਵਿਹਾਰ ਹਸਪਤਾਲ ਤੱਕ ਮਹਿਦੂਦ ਨਹੀਂ ਹੈ। ਤਿੰਨ ਕਾਮਿਆਂ ਦੀ ਮੁਲਕ ਦੀ ਰਾਜਧਾਨੀ ਵਿੱਚ ਮੌਤ ਜਮਹੂਰੀਅਤ ਦੇ ਕਿਸੇ ਥੰਮ੍ਹ ਨੂੰ ਆਪ-ਮੁਹਾਰੇ ਕਾਰਵਾਈ ਕਰਨ ਦਾ ਸੱਦਾ ਨਹੀਂ ਬਣ ਸਕੀ। ਇਨ੍ਹਾਂ ਦੀ ਮੌਤ ਨੂੰ ਖ਼ਬਰ ਦਾ ਰੁਤਬਾ ਨਹੀਂ ਮਿਲਿਆ। ਕਿਸੇ ਅਦਾਲਤ ਨੇ ਆਪ ਮੁਹਾਰੀ ਕਾਰਵਾਈ ਨਹੀਂ ਕੀਤੀ। ਕਿਸੇ ਮਹਿਕਮੇ ਨੇ ਆਪ ਮੁਹਾਰੇ ਹੁੰਗਾਰਾ ਨਹੀਂ ਭਰਿਆ। ਕੋਈ ਸਿਆਸੀ ਜਾਂ ਸਰਕਾਰੀ ਨੁਮਾਇੰਦਾ ਹਮਦਰਦੀ ਜਤਾਉਣ ਲਈ ਮਜਬੂਰ ਨਹੀਂ ਹੋਇਆ। ਦਿੱਲੀ ਵਿੱਚ ਹਰ ਤਰ੍ਹਾਂ ਦੀ ਮੀਡੀਆ ਲਗਾਤਾਰ ਇੱਕ-ਦੂਜੇ ਨਾਲ 'ਸਭ ਤੋਂ ਪਹਿਲਾਂ', 'ਸਭ ਤੋਂ ਭਰੋਸੇਯੋਗ' ਅਤੇ 'ਹਰ ਥਾਂ ਹਾਜ਼ਰ' ਹੋਣ ਦਾ ਦਾਅਵਾ ਕਰ ਰਿਹਾ ਹੈ। ਦਿੱਲੀ ਵਿੱਚ ਮਿਨਿਉਨਸੀਪਲ ਕਮੇਟੀ ਤੋਂ ਇਲਾਵਾ ਸੂਬਾ ਅਤੇ ਕੇਂਦਰ ਸਰਕਾਰ ਹੈ। ਪੂਰੇ ਮੁਲਕ ਲਈ ਜ਼ਿੰਮੇਵਾਰ ਸਮਾਜਕ ਇਨਸਾਫ਼ ਦਾ ਮੰਤਰਾਲਾ ਦਿੱਲੀ ਵਿੱਚ ਹੈ। ਇਹ ਤਾਂ ਪੁੱਛਿਆ ਹੀ ਜਾਣਾ ਚਾਹੀਦਾ ਹੈ ਕਿ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਲਾ ਮਹਿਕਮਾ ਕਿੱਥੇ ਹੈ? ਕਾਮਿਆਂ ਲਈ ਲੋੜੀਂਦੇ ਦਸਤਾਨੇ, ਨਕਾਬ ਅਤੇ ਬਾਕੀ ਮਸ਼ੀਨੀ ਇਮਦਾਦ ਕਿੱਥੇ ਸੀ? ਹੌਦੀਆਂ, ਖੁਹਾਂ, ਸੀਵਰੇਜ਼ ਅਤੇ ਹੋਰ ਅਜਿਹੀਆਂ ਥਾਵਾਂ ਉੱਤੇ ਕੰਮ ਕਰਨ ਵਾਲਿਆਂ ਨੂੰ ਜ਼ਹਿਰੀਲੀ ਗੈਸ ਤੋਂ ਬਚਾਉਣ ਲਈ ਕੀਤੀਆਂ ਜਾਣ ਵਾਲੀਆਂ ਢੁਕਵੀਆਂ ਪੇਸ਼ਬੰਦੀਆਂ ਕਿੱਥੇ ਸਨ? 

ਇਹ ਸਾਰੇ ਸਵਾਲ ਕੌਣ ਪੁੱਛੇਗਾ ਅਤੇ ਕਿਸ ਨੂੰ ਪੁੱਛੇਗਾ? 'ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ' ਵਿੱਚ ਹੋਇਆ ਇਹ ਹਾਦਸਾ ਪਹਿਲਾਂ ਨਹੀਂ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਮੁੰਬਈ ਕਾਰਪੋਰੇਸ਼ਨ ਨੇ ਦੱਸਿਆ ਸੀ ਕਿ ਸ਼ਹਿਰ ਦੇ ਸਿਰਫ਼ 24 ਵਾਰਡਾਂ ਵਿੱਚ ਅਜਿਹੀਆਂ 3495 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿੱਚ 22 ਅਤੇ 26 ਮਈ (2012) ਨੂੰ ਬਠਿੰਡਾ ਵਿੱਚ ਚਾਰ, 28 ਅਕਤੂਬਰ ਨੂੰ ਕਪੂਰਥਲਾ ਵਿੱਚ ਤਿੰਨ, 17 ਨਵੰਬਰ ਨੂੰ ਲੁਧਿਆਣਾ 'ਚ ਇੱਕ, 22 ਨਵੰਬਰ ਨੂੰ ਬਰਨਾਲਾ ਵਿੱਚ ਦੋ ਮਜ਼ਦੂਰ ਅਜਿਹੇ ਹਾਦਸਿਆਂ ਵਿੱਚ ਮਾਰੇ ਗਏ ਸਨ। ਪੰਜਾਬ ਵਿੱਚ ਇਨ੍ਹਾਂ ਹਾਦਸਿਆਂ ਬਾਰੇ ਜਮਹੂਰੀ ਅਧਿਕਾਰ ਸਭਾ ਰਪਟ ਛਾਪ ਰਹੀ ਹੈ। ਚੇਨਈ ਵਿੱਚ ਅਪਰੈਲ ਮਹੀਨੇ ਦੋ ਸਫ਼ਾਈ ਕਾਮਿਆਂ ਦੀ ਮੌਤ ਇਸੇ ਤਰ੍ਹਾਂ ਹੋਈ ਸੀ। ਇਸ ਤਰ੍ਹਾਂ ਦੇ ਹਾਦਸਿਆਂ ਦਾ ਮੁਲਕ ਭਰ ਵਿੱਚ ਕੋਈ ਅਧਿਐਨ ਨਹੀਂ ਹੁੰਦਾ ਅਤੇ ਨਾ ਹੀ ਇਸ ਨੂੰ ਰੁਝਾਨ ਵਜੋਂ ਵੇਖਿਆ ਜਾਂਦਾ ਹੈ। 

ਜ਼ਿਆਦਾਤਰ ਸਫ਼ਾਈ ਕਾਮੇ ਉਨ੍ਹਾਂ ਜਾਤੀਆਂ ਤੋਂ ਹਨ ਜੋ ਛੂਆ-ਛੂਤ ਦਾ ਸ਼ਿਕਾਰ ਰਹੀਆਂ ਹਨ। ਇਹੋ ਛੂਆ-ਛੂਤ ਕਾਨੂੰਨੀ ਪਾਬੰਦੀਆਂ ਅਤੇ ਸਮਾਜਕ ਚੇਤਨਾ ਦੇ ਬਾਵਜੂਦ ਜਿਉਂ ਦੀ ਤਿਉਂ ਜਾਰੀ ਹੈ। ਇਨ੍ਹਾਂ ਤੋਂ ਇਲਾਵਾ ਪਰਵਾਸੀ ਤੇ ਗ਼ਰੀਬ ਮਜ਼ਦੂਰ ਇਸ ਕੰਮ ਲਈ ਲਗਾਏ ਜਾਂਦੇ ਹਨ। ਕੰਮ-ਹਾਲਾਤ, ਸਮਾਜਕ ਪਿਛੋਕੜ ਅਤੇ ਗ਼ੁਰਬਤ ਯਕੀਨੀ ਬਣਾਉਂਦੇ ਹਨ ਕਿ ਹਾਦਸੇ ਦੀ ਹਾਲਤ ਵਿੱਚ ਕਸੂਰਵਾਰ ਬਣ ਕੇ ਨਿਕਲ ਜਾਵੇ। ਇਨ੍ਹਾਂ ਕਾਮਿਆਂ ਦੇ ਪੱਖ ਵਿੱਚ ਅਦਾਲਤਾਂ ਨੇ ਫ਼ੈਸਲੇ ਸੁਣਾਏ ਹਨ ਅਤੇ ਕਾਨੂੰਨੀ ਪੇਸ਼ਬੰਦੀਆਂ ਕੀਤੀਆਂ ਗਈਆਂ ਹਨ। ਹੁਣ ਤੱਕ ਇਨ੍ਹਾਂ ਪੇਸ਼ਬੰਦੀਆਂ ਨਾਲ ਇਸ ਤਬਕੇ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ। ਇਨ੍ਹਾਂ ਕਾਮਿਆਂ ਤੋਂ ਸਸਤੀ ਮਜ਼ਦੂਰੀ ਕਰਵਾਈ ਜਾਂਦੀ ਹੈ। ਇਨ੍ਹਾਂ ਕੋਲ ਪੱਕੀਆਂ ਨੌਕਰੀਆਂ ਨਹੀਂ ਹਨ। ਇੱਕ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇਨ੍ਹਾਂ ਕਾਮਿਆਂ ਨੂੰ ਹੱਥਾਂ ਨਾਲ ਮੈਲਾ ਚੁੱਕਣ ਵਾਲੇ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਇਸ ਦਾ ਦੂਜਾ ਪੱਖ ਇਹ ਹੈ ਕਿ ਹਾਲੇ ਤੱਕ ਨਾਲਿਆਂ ਅਤੇ ਹੌਦੀਆਂ ਨੂੰ ਸਾਫ਼ ਕਰਨ ਦਾ ਕੰਮ ਪੂਰੀ ਤਰ੍ਹਾਂ ਮਸ਼ੀਨਾਂ ਦੇ ਘੇਰੇ ਵਿੱਚ ਨਹੀਂ ਆਇਆ। ਹਰ ਸਾਲ ਮੀਂਹ ਤੋਂ ਪਹਿਲਾਂ ਨਿਕਾਸੀਆਂ ਦੀ ਢੁਕਵੀਂ ਮੁਰੰਮਤ ਅਤੇ ਸਫ਼ਾਈ ਨਹੀਂ ਕੀਤੀ ਜਾਂਦੀ। ਜਦੋਂ ਮੀਂਹ ਵਿੱਚ ਨਿਕਾਸੀ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਰਾਜਤੰਤਰ ਦੀ ਨਾਲਾਇਕੀ ਨੂੰ ਢਕਣ ਲਈ ਇਹੋ ਕਾਮੇ ਗੰਦ ਵਿੱਚ ਉਤਾਰੇ ਜਾਂਦੇ ਹਨ। ਇਹ ਘਰੇਲੂ, ਸ਼ਹਿਰੀ, ਦਫ਼ਤਰੀ ਅਤੇ ਸਨਅਤੀ ਨਿਕਾਸੀਆਂ ਵਿੱਚ ਕੰਮ ਕਰਦੇ ਹਨ। ਇਨ੍ਹਾਂ ਦੀ ਜਾਨ ਹਮੇਸ਼ਾਂ ਖ਼ਦਸ਼ਿਆਂ ਦੀ ਜੱਦ ਵਿੱਚ ਰਹਿੰਦੀ ਹੈ ਪਰ ਸਿਹਤ ਬਿਨਾਂ ਸ਼ੱਕ ਦਾਅ ਉੱਤੇ ਲੱਗਦੀ ਹੈ। ਇਨ੍ਹਾਂ ਨੂੰ ਹਰ ਤਰ੍ਹਾਂ ਦੀ ਲਾਗ, ਚਮੜੀ ਅਤੇ ਸਾਹ ਦੀ ਬੀਮਾਰੀ ਹੋ ਸਕਦੀ ਹੈ। ਇਨ੍ਹਾਂ ਹਾਲਾਤ ਵਿੱਚ ਜਦੋਂ ਇਨ੍ਹਾਂ ਦੀ ਜ਼ਿੰਦਗੀ ਅਚਨਚੇਤੇ ਖ਼ਤਮ ਹੁੰਦੀ ਹੈ ਤਾਂ ਇਸ ਨੂੰ ਸਮਾਜਕ-ਸਿਆਸੀ ਅਤੇ ਰਾਜਤੰਤਰੀ ਬੇਲਾਗ਼ਤਾ ਨਾਲ ਜੋੜ ਕੇ ਵੇਖਿਆ ਜਾਣਾ ਚਾਹੀਦਾ ਹੈ। ਰਾਜਤੰਤਰ ਆਪਣੀ ਬਦਇੰਤਜ਼ਾਮੀ ਕਾਰਨ ਹੋ ਰਹੀ ਨੱਕ-ਕਟੀ ਨੂੰ ਬਚਾਉਣ ਲਈ ਇਸ ਤਬਕੇ ਦਾ ਸਹਾਰਾ ਲੈਂਦਾ ਹੈ। 

ਇਹ ਸਾਡੇ ਸਮਾਜ ਵਿੱਚ ਜੜ੍ਹਾਂ ਜਮਾਈ ਬੈਠੀ ਜਾਤ-ਪਾਤ ਅਤੇ ਛੂਆ-ਛਾਤ ਦੀ ਤਸਦੀਕ ਕਰਦੀ ਹੈ। ਕਾਨੂੰਨੀ ਪੇਸ਼ਬੰਦੀਆਂ ਦੀ ਆਪਣੀ ਅਹਿਮੀਅਤ ਹੈ। ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਉਨ੍ਹਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਦਰਅਸਲ ਇਹ ਮਸਲਾ ਇਸ ਤੋਂ ਵੀ ਵੱਡਾ ਹੈ। ਇਨ੍ਹਾਂ ਕਾਮਿਆਂ ਦੀ ਬੇਕਦਰੀ ਵਿੱਚ ਹਰ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਾ; ਹਰ ਰਿਹਾਇਸ਼ੀ, ਸਨਅਤੀ, ਦਫ਼ਤਰੀ ਅਤੇ ਕਾਰੋਬਾਰੀ ਇਮਾਰਤ ਅਤੇ ਹਰ ਵਿਅਕਤੀ ਤੇ ਜਥੇਬੰਦੀ ਸ਼ਾਮਿਲ ਹੈ। ਇਨ੍ਹਾਂ ਕਾਮਿਆਂ ਨਾਲ ਹੋ ਰਹੀ ਬੇਇਨਸਾਫ਼ੀ ਅਤੇ ਮਨੁੱਖਤਾ ਦੀ ਹਤਕ ਲਈ ਸਾਡੀ ਸਾਰੀਆਂ ਦੀ ਘੇਂਸਲ ਅਤੇ ਬੇਲਾਗ਼ਤਾ ਕਸੂਰਵਾਰ ਹੈ। ਜਦੋਂ ਇਨ੍ਹਾਂ ਕਾਮਿਆਂ ਨੇ ਸਭ ਤੋਂ ਮੁਸ਼ਕਲ ਹਾਲਾਤ ਵਿੱਚ ਕੰਮ ਕਰਨਾ ਹੈ ਤਾਂ ਇਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਾ ਅਹਿਸਾਸ ਤਾਂ ਸਮੁੱਚੇ ਸਮਾਜ ਨੂੰ ਹੋਣਾ ਚਾਹੀਦਾ ਹੈ। ਇਨ੍ਹਾਂ ਦੀ ਹੋਣੀ ਬਾਰੇ ਸਮਾਜਕ ਚੇਤਨਾ ਹੋਣੀ ਚਾਹੀਦੀ ਹੈ। ਮੌਜੂਦਾ ਹਾਦਸੇ ਦੀ ਜਾਂਚ ਰਾਹੀਂ ਹਰ ਕਸੂਰਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਅਜਿਹੇ ਹਾਦਸਿਆਂ ਤੋਂ ਕੰਨੀ ਖਿਸਕਾਉਣ ਵਾਲੇ 'ਜਮਹੂਰੀਅਤ' ਦੇ ਥੰਮ੍ਹ ਸਮਾਜਕ ਬੇਲਾਗ਼ਤਾ ਦੀ ਹੀ ਨੁਮਾਇੰਦਗੀ ਕਰਦੇ ਹਨ। ਇਹ ਅਸੀਂ ਤੈਅ ਕਰਨਾ ਹੈ ਕਿ 'ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ' ਦੀਆਂ ਹੌਦੀਆਂ ਵਿੱਚੋਂ ਜ਼ਾਹਰ ਹੋਈ ਬੇਲਾਗ਼ਤਾ ਨੂੰ 'ਕਲਾ' ਕਿਹਾ ਜਾਵੇ ਜਾਂ ਕੌਮੀ ਸ਼ਰਮਸਾਰੀ। 

(ਇਹ ਲੇਖ 6 ਅਗਸਤ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)