Sunday 11 October 2015

ਆਤਮਜੀਤ ਦਾ ਸਾਹਿਤ ਅਕਾਡਮੀ ਦੇ ਚੇਅਰਮੈੱਨ ਦੇ ਨਾਮ ਖੁੱਲ੍ਹਾ ਖ਼ਤ

ਪਿਆਰੇ ਤਿਵਾੜੀ ਜੀ,

ਮੈਂ ਵੀ ਅਕਾਡਮੀ ਦਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।  

ਇਸ ਵੇਲੇ ਮੁਲਕ ਦੇ ਹਾਲਾਤ ਸੋਗਵਾਰ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਮੂਲਵਾਦੀ ਤਾਕਤਾਂ ਨੇ ਸਮਾਜ ਦੀ ਵੰਨ-ਸਵੰਨਤਾ ਵਾਲੀ ਮਨੁੱਖੀ ਰਵਾਇਤ ਉੱਤੇ ਹਮਲਾ ਕੀਤਾ ਹੈ। ਸਾਡੀ ਇਸ ਰਵਾਇਤ ਦੀਆਂ ਜੜ੍ਹਾਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਦੀਆਂ ਕੁਰਬਾਨੀਆਂ ਨਾਲ ਸਿੰਜੀਆਂ ਗਈਆਂ ਹਨ। ਅਸੀਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਮਨੁੱਖਤਾ ਦੀ ਤਬਾਹੀ ਮਚਦੀ ਦੇਖੀ ਹੈ। ਇਹ ਜੱਗ ਜ਼ਾਹਰ ਹੈ ਕਿ ਉਸ ਵੇਲੇ ਦੀ ਹੁਕਮਰਾਨ ਧਿਰ ਦੇ ਆਗੂਆਂ ਦੀ ਅਗਵਾਈ ਵਿੱਚ ਕਤਲੇਆਮ ਕੀਤਾ ਗਿਆ ਅਤੇ ਹੁਣ ਤੱਕ ਉਹ ਮੁਲਜ਼ਮਾਂ ਦੀ ਬੇਸ਼ਰਮੀ ਵਾਲੀ ਢਾਲ ਬਣੀ ਹੋਈ ਹੈ। 

ਪਰ ਤਿਵਾੜੀ ਸਾਹਿਬ, ਇਹ ਪਹਿਲੀ ਵਾਰ ਹੈ ਕਿ ਸਰਕਾਰੀ ਧਿਰਾਂ ਦੇ ਬੁਲਾਰੇ ਚੁੱਧ ਧਾਰ ਕੇ ਜਾਂ ਸਿਆਸੀ ਟੀਰ ਵਾਲੇ ਬਿਆਨਾਂ ਰਾਹੀਂ ਘੱਟਗਿਣਤੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਵਿਦਵਾਨਾਂ ਉੱਤੇ ਹੋਏ ਹਮਲਿਆਂ ਨੂੰ ਜਾਇਜ਼ ਕਰਾਰ ਦੇ ਰਹੇ ਹਨ। ਮੈਂ ਏਥੇ ਮਕਤੂਲ ਕਲਬੁਰਗੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਰਿਹਾ ਪਰ ਜਮਹੂਰੀ ਮੁਲਕ ਵਿੱਚ ਕੌਮੀ ਪਛਾਣ ਵਾਲੇ ਲੇਖਕ ਦਾ ਉਸ ਦੇ ਵਿਚਾਰਾਂ ਕਾਰਨ ਕਤਲ ਹੋਣਾ ਮੇਰੀ ਚਿੰਤਾ ਦਾ ਸਬੱਬ ਬਣਦਾ ਹੈ। ਕੀ ਇਸ ਮੌਕੇ ਲੇਖਕਾਂ ਦੀ ਅਕਾਡਮੀ ਦੇ ਚੇਅਰਮੈੱਨ ਨੂੰ ਕਤਲ ਅਤੇ ਹੋਰ ਵਾਰਦਾਤਾਂ ਦੀ ਨਿੰਦਾ ਕਰਨ ਲਈ ਕਿਸੇ ਦੀ ਇਜਾਜ਼ਤ ਦਰਕਾਰ ਹੈ? ਹੈਰਾਨੀ ਹੁੰਦੀ ਹੈ ਕਿ ਸਾਡੀ ਅਕਾਡਮੀ ਰਸਮੀ ਬਿਆਨਾਂ ਅਤੇ ਸ਼ੋਕ ਮਤਿਆਂ ਨਾਲ ਡੰਗ ਟਪਾ ਰਹੀ ਹੈ। ਅਕਾਡਮੀ ਦੇ ਚੇਅਰਮੈੱਨ ਦੀ ਨਾਮਜ਼ਦਗੀ ਦੀ ਯੋਗਤਾ ਉਸ ਦੀਆਂ ਲਿਖਤਾਂ ਹੁੰਦੀਆਂ ਹਨ; ਇਸ ਲਈ ਉਸ ਦੀ ਪਹਿਲੀ ਪਛਾਣ ਵੀ ਲੇਖਕ ਵਜੋਂ ਹੀ ਰਹਿਣੀ ਚਾਹੀਦੀ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਲੇਖਕ ਦੀ ਥਾਂ ਚੇਅਰਮੈੱਨ ਹੋਣ ਨੂੰ ਤਰਜੀਹ ਦਿੱਤੀ ਹੈ।  

ਤੁਸੀਂ ਕਹਿੰਦੇ ਹੋ ਕਿ ਲੇਖਕ ਆਪਣੇ ਸਨਮਾਨ ਵਾਪਸ ਕਰਕੇ ਸਿਆਸਤ ਕਰ ਰਹੇ ਹਨ। ਸ਼ਾਇਦ ਇਹ ਕੁਝ ਮਾਮਲਿਆਂ ਵਿੱਚ ਸਹੀ ਹੋਵੇ; ਪਰ ਜੇ ਤੁਸੀਂ ਚੁੱਪ ਧਾਰ ਕੇ ਸਿਆਸਤ ਕਰਦੇ ਹੋ ਤਾਂ ਉਹ ਆਪਣੇ ਸਚੇਤ ਫ਼ੈਸਲਿਆਂ ਨਾਲ ਅਜਿਹਾ ਕਰ ਰਹੇ ਹਨ। ਮੈਂ ਇਹ ਸਾਫ਼ ਕਰ ਦਿੰਦਾ ਹਾਂ ਕਿ ਮੇਰਾ ਕਿਸੇ ਸਿਆਸੀ ਧਿਰ ਨਾਲ ਕਿਸੇ ਕਿਸਮ ਦਾ ਕੋਈ ਰਾਬਤਾ ਨਹੀਂ ਹੈ। ਮੈਂ ਅਜਿਹਾ ਕਿਸੇ ਦੀ ਸਲਾਹ ਨਾਲ ਨਹੀਂ ਕਰ ਰਿਹਾ। ਅਸਲ ਵਿੱਚ ਮੇਰੇ ਫ਼ੈਸਲੇ ਦਾ ਸਬੱਬ ਤੁਹਾਡੇ ਬਿਆਨ ਬਣੇ ਹਨ। ਮੈਂ ਤੁਹਾਨੂੰ ਅਤੇ ਆਪਣੇ ਮੁਲਕਵਾਸੀਆਂ ਨੂੰ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਸਾਂਝਾ ਸੱਭਿਆਚਾਰ ਅਤੇ ਸਮਾਜਿਕ ਸਾਂਝ ਸਾਡੇ ਮੁਲਕ ਦੀ ਬੁਨਿਆਦੀ ਚੂਲ ਹੈ। ਜੇ ਕੋਈ ਇਸ ਸਾਂਝ ਨੂੰ ਖੋਰਾ ਲਗਾਉਂਦਾ ਹੈ ਤਾਂ ਉਸ ਦਾ ਕਤਲ ਕਰਨ ਨਾਲ ਮਸਲਾ ਹੱਲ ਨਹੀਂਂ ਹੋ ਜਾਣਾ। ਇੱਕ ਕਤਲ ਦੂਜੇ ਕਤਲ ਲਈ ਰਾਹ ਪੱਧਰਾ ਕਰਦਾ ਹੈ। ਤਿਵਾੜੀ ਸਾਹਿਬ! ਤੁਸੀਂ ਇਸ ਸੁਨੇਹੇ ਦੀ ਅਹਿਮੀਅਤ ਨੂੰ ਮੈਥੋਂ ਬਿਹਤਰ ਸਮਝਦੇ ਹੋ ਅਤੇ ਮੈਂ ਇਸੇ ਸੁਨੇਹੇ ਦੀ ਅਹਿਮੀਅਤ ਨੂੰ ਆਪਣੇ 'ਕਰਮ' ਰਾਹੀਂ ਉਘਾੜਨ ਦਾ ਉਪਰਾਲਾ ਕਰ ਰਿਹਾ ਹਾਂ। ਮੈਂ ਆਪਣੇ ਨਾਟਕਾਂ ਰਾਹੀਂ ਸੱਭਿਆਚਾਰਕ ਵੰਨ-ਸਵੰਨਤਾ ਵਾਲੀਆਂ ਕਦਰਾਂ-ਕੀਮਤਾਂ ਨੂੰ ਪੇਸ਼ ਕੀਤਾ ਹੈ; ਪਰ ਤੁਸੀਂ ਮਨੁੱਖਤਾ ਮੁਖੀ ਕਦਰਾਂ-ਕੀਮਤਾਂ ਨੂੰ ਆਵਾਜ਼ ਦੇਣ ਦੀ ਥਾਂ ਲੇਖਕਾਂ ਨੂੰ ਪ੍ਰਵਚਨ ਦੇਣ ਨੂੰ ਤਰਜੀਹ ਦਿੱਤੀ ਹੈ। ਤੁਸੀਂ ਇਹ ਦਰੁਸਤ ਫਰਮਾਇਆ ਹੈ ਕਿ ਅਕਾਡਮੀ ਖ਼ੁਦਮੁਖ਼ਤਿਆਰ ਅਦਾਰਾ ਹੈ ਪਰ ਇਹ ਤੱਥ ਤੁਹਾਨੂੰ ਵੀ ਪ੍ਰਵਾਨ ਕਰਨਾ ਪਵੇਗਾ ਕਿ ਇਹ ਖ਼ੁਦਮੁਖ਼ਤਿਆਰੀ ਇਸਦੀ ਕਾਰਗੁਜ਼ਾਰੀ ਵਿੱਚੋਂ ਨਹੀਂ ਝਲਕਦੀ।

ਤੁਸੀਂ ਲੇਖਕਾਂ ਨੂੰ ਟਿੱਚਰ ਕੀਤੀ ਹੈ ਕਿ ਉਹ ਇਸ ਸਨਮਾਨ ਨਾਲ ਕਮਾਈ ਇੱਜ਼ਤ ਕਿਵੇਂ ਵਾਪਸ ਕਰਨਗੇ ਕਿਉਂਕਿ ਅਕਾਡਮੀ ਨੇ ਉਨ੍ਹਾਂ ਦੀਆਂ ਲਿਖਤਾਂ ਦਾ ਤਰਜਮਾ ਕਰਕੇ ਵੱਖ-ਵੱਖ ਬੋਲੀਆਂ ਵਿੱਚ ਛਾਪਿਆ ਹੈ। ਕ੍ਰਿਪਾ ਕਰਕੇ ਮੇਰੀ ਸਨਮਾਨਯਾਫ਼ਤਾ ਕਿਤਾਬ ਦੀ ਦੂਜੀ ਬੋਲੀਆਂ ਵਿੱਚ ਛਪਾਈ ਬੰਦ ਕਰ ਦਿੱਤੀ ਜਾਵੇ। ਮੈਨੂੰ ਇਹ ਦੱਸਣ ਦੀ ਕ੍ਰਿਪਾਲਤਾ ਕਰਨਾ ਕਿ ਮੈਂ ਆਪਣੀ ਕਿਤਾਬ ਨੂੰ ਹਿੰਦੀ ਵਿੱਚ ਉਲਥਾਉਣ ਦਾ ਅਹਿਸਾਨ ਕਿਵੇਂ ਉਤਾਰ ਸਕਦਾ ਹਾਂ? ਇਹ ਦੱਸਣਾ ਦਿਲਚਸਪ ਹੈ ਕਿ ਮੇਰਾ ਨਾਟਕ ਫ਼ਿਰਕੂ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਨਫ਼ਰਤ ਦੀ ਸਿਆਸਤ ਦੇ ਖ਼ਿਲਾਫ਼ ਹੈ। ਤੁਸੀਂ ਇਹ ਵੀ ਸਲਾਹ ਦਿੱਤੀ ਹੈ ਕਿ ਲੇਖਕਾਂ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਹੋਰ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਮੈਂ ਤੁਹਾਡੇ ਇਸ ਸਲਾਹ ਦੀ ਕਦਰ ਕਰਦਾ ਹਾਂ ਅਤੇ ਇਸੇ ਵਿਸ਼ੇ ਉੱਤੇ ਹੋਰ ਨਾਟਕ ਲਿਖਣ ਦਾ ਉਪਰਾਲਾ ਕਰਾਂਗਾ।  

ਮੈਂ ਸਿਰਫ਼ ਸਰਕਾਰ ਦੀ ਘੇਸਲ ਖ਼ਿਲਾਫ਼ ਸਨਮਾਨ ਵਾਪਸ ਨਹੀਂ ਕਰ ਰਿਹਾ ਸਗੋਂ ਇਹ ਉਨ੍ਹਾਂ ਸਰਗਰਮ ਤੱਤਾਂ ਦੇ ਖ਼ਿਲਾਫ਼ ਵੀ ਹੈ ਜੋ ਸਾਡੇ ਮੁਲਕ ਨੂੰ ਸਦਭਾਵਨਾ ਵਾਲੇ ਸਮਾਜ ਵਜੋਂ ਵੇਖਣਾ ਪ੍ਰਵਾਨ ਨਹੀਂ ਕਰਦੇ। ਮੇਰਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਸਾਹਿਤ ਅਕਾਡਮੀ ਦੇ ਚੌਧਰੀਆਂ ਦੀ ਬੇਦਿਲੀ ਦੇ ਖ਼ਿਲਾਫ਼ ਵੀ ਹੈ।  

ਮੈਂ ਸਨਮਾਨ ਦੇ ਨਾਲ ਦਿੱਤੀ ਲੱਖ ਰੁਪਏ ਦੀ ਰਕਮ ਚੈੱਕ ਰਾਹੀਂਂ ਵਾਪਸ ਭੇਜ ਰਿਹਾ ਹਾਂ। ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਮੇਰੀ ਛਪ ਚੁੱਕੀ ਕਿਤਾਬ ਦੀ ਵਿਕਰੀ ਨਾਲ ਹੋਣ ਵਾਲੀ ਆਮਦਨ ਵਿੱਚੋਂ ਮੈਨੂੰ ਕੋਈ ਹਿੱਸਾ ਨਾ ਦਿੱਤਾ ਜਾਵੇ।  

ਸ਼ੁਭ ਇੱਛਾਵਾਂ ਨਾਲ,

ਆਤਮਜੀਤ
ਨਾਟਕਕਾਰ

(ਅੰਗਰੇਜ਼ੀ ਖ਼ਤ ਦਾ ਪੰਜਾਬੀ ਵਿੱਚ ਤਰਜਮਾ ਦਲਜੀਤ ਅਮੀ ਨੇ ਕੀਤਾ ਹੈ ਜੋ ਲੇਖਕ ਨੇ ਪ੍ਰਵਾਨ ਕੀਤਾ ਹੈ।)

1 comment:

  1. We are proud of you Atamjit. You have shown your mettle. You deserve kudos for your right action. You are a TRUE HUMINIST and humanism is what we learn from your work. Tiwaris and his tribe are mere components of a big machine only. They are no writers at all.

    ReplyDelete